ਗੁਰਦਾਸਪੁਰ, 21 ਅਪ੍ਰੈਲ 2025 – ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਦੇ ਨਰਪੁਰ ਵਿਖੇ ਅਣਪਛਾਤੇ ਕਾਰਨਾ ਨਾਲ ਲੱਗੀ ਅੱਗ ਨੇ 10 ਕਿੱਲੇ ਦੇ ਕਰੀਬ ਪੈਲੀ ਵਿੱਚ ਖੜੀ ਪੱਕੀ ਕਣਕ ਸੜ ਕੇ ਸੁਆਹ ਕਰ ਦਿੱਤੀ । ਇਹ ਕਣਕ ਡੇਢ ਡੇਢ , ਦੋ ਦੋ ਕਿੱਲਿਆਂ ਦੇ ਮਾਲਕ ਵੱਖ ਵੱਖ ਛੋਟੇ ਕਿਸਾਨਾਂ ਦੀ ਸੀ। ਹਾਲਾਂਕਿ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤਾਂ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ਤੇ ਪਹੁੰਚੀ ਪਰ ਇਸ ਤੋਂ ਪਹਿਲਾਂ ਹੀ ਨੇੜੇ ਤੇੜੇ ਦੇ ਪਿੰਡ ਵਾਸੀਆਂ ਨੇ ਮਿਲ ਕੇ ਟਰੈਕਟਰਾਂ ਨਾਲ ਪੈਲੀ ਵਾਹ ਕੇ ਅੱਗ ਤੇ ਕਾਬੂ ਪਾ ਲਿਆ ਸੀ।
ਪੀੜਤ ਕਿਸਾਨ ਪਰਿਵਾਰਾਂ ਮਨਦੀਪ ਕੌਰ ਅਤੇ ਬਲਕਾਰ ਸਿੰਘ ਨੇ ਦੱਸਿਆ ਕਿ ਉਹ ਛੋਟੇ ਛੋਟੇ ਕਿਸਾਨ ਹਨ ਤੇ ਕੋਈ ਦੋ ਅਤੇ ਕੋਈ ਤਿੰਨ ਕਿੱਲੇ ਦਾ ਮਾਲਕ ਹੈ । ਇੱਥੋਂ ਇੱਕ ਟਰੈਕਟਰ ਗੁਜ਼ਰ ਰਿਹਾ ਸੀ ਪਰ ਉਸ ਦੇ ਜਾਣ ਤੋਂ ਬਾਅਦ ਕਿਵੇਂ ਪੈਲੀ ਵਿੱਚ ਅੱਗ ਲੱਗ ਗਈ ਪਤਾ ਹੀ ਨਹੀਂ ਲੱਗਿਆ। ਇੱਕਦਮ ਅੱਗ ਭੜਕ ਗਈ ਤੇ ਨਾਲ ਨਾਲ ਲੱਗਦੀ ਕਰੀਬ 10 ਕਿੱਲੇ ਪੈਲੀ ਨੂੰ ਲਪੇਟ ਵਿੱਚ ਲੈ ਲਿਆ ਜੋ ਵੱਖ-ਵੱਖ ਕਿਸਾਨਾਂ ਦੀ ਹੈ । ਲੋਕਾਂ ਨੇ ਹਿੰਮਤ ਕਰਕੇ ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਟਰੈਕਟਰਾਂ ਨਾਲ ਪੈਲੀ ਵਾਰ ਕੇ ਅੱਗ ਨੂੰ ਹੋਰ ਫੈਲਣ ਤੋਂ ਬਚਾ ਲਿਆ ਪਰ ਫਿਰ ਵੀ ਕਈ ਕਿਸਾਨਾਂ ਦਾ ਕੁਝ ਵੀ ਨਹੀਂ ਬਚਿਆ । ਉਨਾਂ ਸਰਕਾਰ ਕੋਲੋਂ ਮੁਆਵਜੇ ਦੀ ਮੰਗ ਕੀਤੀ ਹੈ।

