ਐਸ ਓ ਆਈ ਵੱਲੋਂ ਸ਼ੁਰੂ ਕੀਤਾ ਜਾਵੇਗਾ ’ਪੰਜਾਬ ਸਟੂਡੈਂਟ ਮਿਲਣੀ ਪ੍ਰੋਗਰਾਮ’: ਰਣਬੀਰ ਢਿੱਲੋਂ

  • ਸਟੂਡੈਂਟ ਆਇਡਲ ਤੇ ਪੰਜਾਬ ਪ੍ਰੀਮੀਅਮ ਲੀਗ ਮੁਹਿੰਮ ਵੀ ਸ਼ੁਰੂ ਕਰਕੇ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਜਾਗਰੂਕ
  • ਜਲਦੀ ਐਸ ਓ ਆਈ ਦੀ ਭਰਤੀ ਮੁਹਿੰਮ ਵੀ ਸ਼ੁਰੂ ਕੀਤੀ ਜਾਵੇਗੀ
  • ਪਾਰਟੀ ਦਫਤਰ ਵਿਚ ਹੋਈ ਵਿਦਿਆਰਥੀ ਵਿੰਗ ਦੀ ਵਿਸ਼ਾਲ ਮੀਟਿੰਗ

ਚੰਡੀਗੜ੍ਹ, 7 ਮਾਰਚ 2024: ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਸਟੂ਼ਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਐਸ ਓ ਆਈ) ਵੱਲੋਂ ਜਲਦੀ ਹੀ ’ਪੰਜਾਬ ਸਟੂਡੈਂਟ ਮਿਲਣੀ’ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ ਜਿਸ ਤਹਿਤ ਹਰ ਜ਼ਿਲ੍ਹੇ ਵਿਚ ਯੂਨੀਵਰਸਿਟੀਆਂ ਤੇ ਕਾਲਜ ਕੈਂਪਸਾਂ ਵਿਚ ਵਿਦਿਆਰਥੀਆਂ ਨਾਲ ਰਾਬਤਾ ਕਾਇਮ ਕਰ ਕੇ ਉਹਨਾਂ ਨੂੰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਕਾਰਜਾਂ ਤੇ ਪਾਰਟੀ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਤੋਂ ਜਾਣੂ ਕਰਵਾਇਆ ਜਾਵੇਗਾ। ਇਹ ਪ੍ਰਗਟਾਵਾ ਐਸ ਓ ਆਈ ਦੇ ਕੌਮੀ ਪ੍ਰਧਾਨ ਸਰਦਾਰ ਰਣਬੀਰ ਸਿੰਘ ਢਿੱਲੋਂ ਨੇ ਕੀਤਾ ਹੈ।

ਅੱਜ ਇਥੇ ਪਾਰਟੀ ਦੇ ਮੁੱਖ ਦਫਤਰ ਵਿਚ ਐਸ ਓ ਆਈ ਦੀ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਦਾਰ ਰਣਬੀਰ ਸਿੰਘ ਢਿੱਲੋਂ ਤੇ ਉਹਨਾਂ ਦੇ ਨਾਲ ਮਾਝਾ ਵਿੰਗ ਮੁਖੀ ਗੌਰਵਦੀਪ ਸਿੰਘ ਵਲਟੋਹਾ, ਆਕਾਸ਼ਦੀਪ ਸਿੰਘ, ਹਰਮਨ ਬਰਾੜ, ਮਨਿੰਦਰ ਮਣੀ, ਮਨੂ ਪਟਿਆਲਾ, ਹਰਕਮਲ ਸਿੰਘ, ਤਨਦੀਪ ਸਿੰਘ, ਦਵਿੰਦਰ ਸਿੰਘ,ਹਰਮਨਦੀਪ ਸਿੰਘ ਤੇ ਯੁਵਰਾਜ ਸਿੰਘ ਸਮੇਤ ਹੋਰ ਆਗੂਆਂ ਨੇ ਦੱਸਿਆ ਕਿ ’ਪੰਜਾਬ ਸਟੂਡੈਂਟ ਮਿਲਣੀ’ ਪ੍ਰੋਗਰਾਮ ਤਹਿਤ ਅਸੀਂ ਹਰੇਕ ਯੂਨੀਵਰਸਿਟੀ ਤੇ ਕਾਲਜ ਦੇ ਕੈਂਪਸ ਵਿਚ ਵਿਦਿਆਰਥੀਆਂ ਨੂੰ ਮਿਲਾਂਗੇ। ਉਹਨਾਂ ਕਿਹਾ ਕਿ ਇਕ ਦਿਨ ਵਿਚ ਅਸੀਂ ਦੋ ਜ਼ਿਲ੍ਹੇ ਕਵਰ ਕਰਾਂਗੇ। ਜਿਹੜੇ ਨੇੜੇ ਨੇੜੇ ਵਾਲੇ ਦੋ ਜ਼ਿਲ੍ਹੇ ਹਨ ਉਹਨਾਂ ਵਿਚ ਯੂਨੀਵਰਸਿਟੀ ਤੇ ਕਾਲਜਾਂ ਨੂੰ ਕਵਰ ਕਰਨ ਦਾ ਯਤਨ ਕਰਾਂਗੇ। ਉਹਨਾਂ ਕਿਹਾ ਕਿ ਇਹੋ ਜਿਹਾ ਪ੍ਰੋਗਰਾਮ ਪਹਿਲਾਂ ਯੂਥ ਵਿੰਗ ਨੇ ਨੇ ਦਿੱਤਾ ਸੀ ਤੇ ਪੰਜਾਬ ਵਿਚ ਨੌਜਵਾਨ ਮਿਲਣੀ ਪ੍ਰੋਗਰਾਮ ਸ਼ੁਰੂ ਕੀਤਾ ਜਿਸਨੂੰ ਸਾਰੇ ਜ਼ਿਲ੍ਹਿਆਂ ਵਿਚ ਚੰਗੀ ਸਫਲਤਾ ਮਿਲੀ। ਉਹਨਾਂ ਕਿਹਾ ਕਿ ਸਾਨੂੰ ਵੀ ਵਿਸ਼ਵਾਸ ਹੈ ਕਿ ਐਸ ਓ ਆਈ ਦੇ ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ ਮਿਲੇਗਾ।

ਉਹਨਾਂ ਕਿਹਾ ਕਿ ਇਸਦੇ ਨਾਲ ਹੀ ਅਸੀਂ ’ਸਟੂਡੈਂਟ ਆਇਡਲ’ ਪ੍ਰੋਗਰਾਮ ਵੀ ਸ਼ੁਰੂ ਕਰਾਂਗੇ ਜਿਸ ਤਹਿਤ ਕਿਸੇ ਇਕ ਵਿਸ਼ੇ ’ਤੇ ਵਿਦਿਆਰਥੀਆਂ ਦੇ ਵਿਚਾਰ ਲਏ ਜਾਣਗੇ ਤੇ ਸਭ ਤੋਂ ਚੰਗੇ ਵਿਚਾਰ ਦੇਣ ਵਾਲੇ ਵਿਦਿਆਰਥੀ ਦਾ ਸੋਸ਼ਲ ਮੀਡੀਆ ’ਤੇ ਖਾਸ ਤੌਰ ’ਤੇ ਪਾਰਟੀ ਦੇ ਪਲੈਟਫਾਰਮਾਂ ’ਤੇ ਪ੍ਰੋਮੋਸ਼ਨ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਦੂਜੇ ਪੜਾਅ ਵਿਚ ਅਸੀਂ ’ਪੰਜਾਬ ਪ੍ਰੀਮੀਅਮ ਲੀਗ’ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਵਿਚ ਖੇਡਾਂ ਨਾਲ ਸਬੰਧਤ ਪ੍ਰੋਗਰਾਮ ਅਸੀਂ ਹਰ ਜ਼ਿਲ੍ਹੇ ਵਿਚ ਸ਼ੁਰੂ ਕਰਾਂਗੇ। ਉਹਨਾਂ ਕਿਹਾ ਕਿ ਜਲਦੀ ਹੀ ਅਸੀਂ ਮੈਂਬਰਸ਼ਿਪ ਮੁਹਿੰਮ ਵੀ ਸ਼ੁਰੂ ਕਰਾਂਗੇ।

ਉਹਨਾਂ ਕਿਹਾ ਕਿ ਐਸ ਓ ਆਈ ਸ਼੍ਰੋਮਣੀ ਅਕਾਲੀ ਦਲ ਦਾ ਵਿਦਿਆਰਥੀ ਵਿੰਗ ਹੈ ਜੋ ਹਮੇਸ਼ਾ ਵਿਦਿਆਰਥੀ ਹਿੱਤਾਂ ਵਾਸਤੇ ਮੋਹਰੀ ਹੋ ਕੇ ਡਟਿਆ ਹੈ। ਉਹਨਾਂ ਕਿਹਾ ਕਿ ਐਸ ਓ ਆਈ ਨੇ ਕਾਲਜਾਂ ਵਿਚ ਵਿਦਿਆਰਥੀਆਂ ਤੱਕ ਪਹੁੰਚ ਕੀਤੀ ਹੈ ਤੇ ਵਿਦਿਆਰਥੀਆਂ ਦੀ ਸੋਚ ਹਾਈ ਕਮਾਂਡ ਤੱਕ ਪਹੁੰਚਾਈ ਜਾਵੇਗੀ ਤੇ ਫਿਰ ਹਾਈ ਕਮਾਂਡ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ 2024 ਦੀਆਂ ਚੋਣਾਂ ਵਿਚ ਪਾਰਟੀ ਦੀ ਮਜ਼ਬੂਤੀ ਵਾਸਤੇ ਅਸੀਂ ਕੰਮ ਕਰਨਾ ਹੈ ਤੇ ਪਾਰਟੀ ਵੱਲੋਂ ਦਿੱਤੇ ਨੀਤੀਆਂ ਤੇ ਪ੍ਰੋਗਰਾਮਾਂ ਬਾਰੇ ਅਸੀਂ ਸਾਰੇ ਮੈਂਬਰਾਂ ਨੂੰ ਜਾਣੂ ਕਰਵਾਵਾਂਗੇ।

ਉਹਨਾਂ ਇਹ ਵੀ ਕਿਹਾ ਕਿ ਅਜੋਕੇ ਸਮੇਂ ਵਿਚ ਪੰਜਾਬੀਆਂ ਵਿਚ ਯੋਗਤਾ ਸਿਰਫ 12ਵੀਂ ਤੱਕ ਰਹਿ ਗਈ ਤੇ ਅਸੀਂ ਦੂਜੇ ਮੁਲਕਾਂ ਵਿਚ ਲੇਬਰ ਬਣਨ ਨੂੰ ਤਿਆਰ ਹਾਂ ਪਰ ਅਸੀਂ ਇਸਨੂੰ ਮੋੜਾ ਪਾਉਣਾ ਹੈ ਤੇ ਇਥੇ ਪੜ੍ਹ ਲਿਖ ਕੇ ਚੰਗੇ ਅਹੁਦਿਆਂ ’ਤੇ ਪਹੁੰਚਣਾ ਹੈ। ਉਹਨਾਂ ਦੱਸਿਆ ਕਿ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦਾਅਵੇ ਕਰਦੀ ਸੀ ਕਿ ਅੰਗਰੇਜ਼ ਵੀ ਇਥੇ ਨੌਕਰੀ ਕਰਨ ਆਉਣਗੇ ਜਦੋਂ ਕਿ ਅਸਲੀਅਤ ਇਹ ਹੈ ਕਿ ਸਾਲ 2023 ਵਿਚ 11 ਲੱਖ 97 ਹਜ਼ਾਰ ਪਾਸਪੋਰਟ ਪੰਜਾਬ ਵਿਚ ਬਣਿਆ ਹੈ ਤੇ ਇਥੋਂ ਨੌਜਵਾਨ ਪੀੜੀ ਦਾ ਪਰਵਾਸ ਬਹੁਤ ਚਿੰਤਾਜਨਕ ਹੈ।

ਉਹਨਾਂ ਕਿਹਾ ਕਿ ਸਿੱਖਿਆ ਦੇ ਮਾਮਲੇ ਵਿਚ ਜੋ ਵੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਇਆ, ਅਸੀਂ ਉਹ ਲੋਕਾਂ ਵਿਚ ਲੈ ਕੇ ਜਾਵਾਂਗੇ। ਉਹਨਾਂ ਕਿਹਾ ਕਿ ਆਈ ਆਈ ਟੀ, ਆਈ ਆਈ ਐਮ, ਏਮਜ਼ ਸਮੇਤ ਹੋਰ ਸੰਸਥਾਵਾਂ ਦੀ ਸਥਾਪਤੀ ਪੰਜਾਬ ਵਿਚ ਕਿਵੇਂ ਹੋਈ, ਉਸ ਬਾਰੇ ਜਾਣੂ ਕਰਾਵਾਂਗੇ।
ਉਹਨਾਂ ਕਿਹਾ ਕਿ ਯੂਥ ਵਿਕਾਸ ਬੋਰਡ ਦੇ ਪਹਿਲੇ ਪ੍ਰਧਾਨ ਸਰਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਬਣੇ ਜਿਹਨਾਂ ਨੇ ਪਿੰਡਾਂ ਵਿਚ ਜਿੰਮ ਕਿੱਟਾਂ ਤੋਂ ਲੈ ਕੇ ਨੌਜਵਾਨਾਂ ਨਾਲ ਸਬੰਧਤ ਹਰ ਸਰਗਰਮੀ ਕੀਤੀ।

ਉਹਨਾਂ ਇਹ ਵੀ ਕਿਹਾ ਕਿ ਐਸ ਓ ਆਈ ਨੇ 2007 ਅਤੇ 2012 ਵਿਚ ਅਕਾਲੀ ਦਲ ਦੀ ਸਰਕਾਰ ਬਣਾਉਣ ਵਿਚ ਵੱਡਾ ਯੋਗਦਾਨ ਪਾ‌ਇਆ ਸੀ ਤੇ ਹੁਣ ਵੀ 2024 ਦੇ ਨਾਲ-ਨਾਲ 2027 ਵਿਚ ਵੀ ਐਸ ਓ ਆਈ ਦਾ ਵੱਡਾ ਯੋਗਦਾਨ ਰਹੇਗਾ। ਉਹਆਂ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਪੰਜਾਬ ਭਰ ਤੋਂ ਐਸ ਓ ਆਈ ਵਾਸਤੇ ਕੰਮ ਕਰਦੇ ਜ਼ੋਨਲ ਪ੍ਰਧਾਨ ਜਾਂ ਯੂਨੀਵਰਸਿਟੀ, ਕਾਲਜਾਂ ਦੇ ਪ੍ਰਧਾਨ ਹਨ, ਸਾਰੇ ਪਹੁੰਚੇ ਹਨ। ਉਹਨਾਂ ਕਿਹਾ ਕਿ ਐਸ ਓ ਆਈ ਨੂੰ ਕਿਵੇਂ ਤਗੜਾ ਕਰਨਾ ਹੈ, ਕਿਵੇਂ ਅਸੀਂ ਪਾਰਟੀ ਦੀਆਂ ਨੀਤੀਆਂ ਨੌਜਵਾਨਾਂ ਤੱਕ ਲੈ ਕੇ ਜਾਣਾ ਹੈ, ਇਸ ’ਤੇ ਚਰਚਾ ਕੀਤੀ ਹੈ।

ਉਹਨਾਂ ਕਿਹਾ ਕਿ ਐਸ ਓ ਆਈ ’ਤੇ ਵੱਡੀ ਜ਼ਿੰਮੇਵਾਰੀ ਹੈ, ਅਸੀਂ ਪਾਰਟੀ ਦੀ ਚੜ੍ਹਦੀਕਲਾ ਵਾਸਤੇ ਮੀਟਿੰਗ ਬੁਲਾਈ ਸੀ। ਪਾਰਟੀ ਦੀ ਸੋਚ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਹੈ, ਉਸ ਬਾਰੇ ਵਿਚਾਰ ਵਟਾਂਦਰਾ ਕੀਤਾ।
ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਅਕਾਲੀ ਦਲ ਦਾ ਇਤਿਹਾਸ ਸਮਝਾਇਆ ਜਾਵੇਗਾ ਤੇ ਦਿੱਲੀ ਦੀਆਂ ਪਾਰਟੀਆਂ ਸਿਆਸੀ ਪਾਰਟੀਆਂ ਨਹੀਂ ਬਲਕਿ ਕੰਪਨੀਆਂ ਕਿਵੇਂ ਕੰਮ ਕਰਦੀਆਂ ਹਨ, ਇਸ ਬਾਰੇ ਦੱਸਿਆ ਜਾਵੇਗਾ। ਉਹਨਾਂ ਕਿਹਾ ਕਿ ਹੁਣ 2024 ਤੇ ਫਿਰ 2027 ਵਿਚ ਇਹ ਨੌਜਵਾਨ ਸ਼ਕਤੀ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਡਟੀ ਨਜ਼ਰ ਆਵੇਗੀ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਕਿਸਾਨੀ ਤੇ ਆਮ ਲੋਕਾਂ ਦੀ ਗੱਲ ਕੀਤੀ ਤੇ ਜੇਕਰ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੈ ਤਾਂ ਅਸੀਂ ਮਜ਼ਬੂਤ ਹਾਂ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿਵਲ ਸਰਜਨ ਦਫਤਰ ਦਾ ਕਲਰਕ 35,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਵੱਲੋਂ ਗ੍ਰਿਫਤਾਰ

ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਲੜਨ ਵਾਲੇ 7 ਉਮੀਦਵਾਰ ਅਯੋਗ ਐਲਾਨੇ : ਸਿਬਿਨ ਸੀ