ਬਟਾਲਾ, 16 ਅਗਸਤ 2025 – ਪਿੰਡ ਤਾਰਾਗੜ੍ਹ ’ਚ ਨਸ਼ੇੜੀ ਪੁੱਤ ਨੇ ਪਿਓ ਨੂੰ ਮਾਰ ਕੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਾਣਕਾਰੀ ਮੁਤਾਬਕ ਨਸ਼ੇੜੀ ਪੁੱਤਰ ਨੇ ਨਸ਼ਾ ਕਰਨ ਲਈ ਪੈਸੇ ਨਾ ਮਿਲਣ ’ਤੇ ਆਪਣੇ ਪਿਤਾ ਦੇ ਸਿਰ ’ਤੇ ਪਹਿਲਾਂ ਰੋੜੇ ਨਾਲ ਤਿੰਨ ਵਾਰ ਕੀਤੇ ਅਤੇ ਫਿਰ ਡੰਡੇ ਨਾਲ 4-5 ਵਾਰ ਕਰ ਕੇ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਪਿਤਾ ਨੂੰ ਜਦ ਹਸਪਤਾਲ ’ਚ ਲਿਜਾਇਆ ਗਿਆ ਤਾਂ ਉਸ ਦੀ ਮੌਤ ਹੋ ਗਈ।
ਇਸ ਸਬੰਧੀ ਥਾਣਾ ਕਿਲ੍ਹਾ ਲਾਲ ਸਿੰਘ ਦੀ ਪੁਲਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਐੱਸ.ਆਈ ਕਵਲਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੱਭਾ ਮਸੀਹ ਨਿਵਾਸੀ ਤਾਰਾਗੜ੍ਹ ਦੀ ਪਤਨੀ ਪਰਮਜੀਤ ਨੇ ਪੁਲਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਹੈ ਕਿ ਉਹ ਘਰੇਲੂ ਕੰਮ ਕਰਦੀ ਹੈ ਅਤੇ ਉਸ ਦੇ ਪੁੱਤਰ ਜਰਮਨ ਮਸੀਹ ਦੀ ਪਤਨੀ ਨੀਲਮ ਆਪਣੇ ਦੋ ਬੱਚਿਆਂ ਨਾਲ ਕਿਤੇ ਚਲੀ ਗਈ ਹੈ ਜਿਸ ਕਾਰਨ ਜਰਮਨ ਮਸੀਹ ਨੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ। 11 ਅਗਸਤ ਦੀ ਸ਼ਾਮ ਨੂੰ ਉਸ ਦੇ ਪੁੱਤਰ ਜਰਮਨ ਮਸੀਹ ਨੇ ਪਿਤਾ ਲੱਭਾ ਮਸੀਹ ਤੋਂ ਨਸ਼ਾ ਕਰਨ ਲਈ ਪੈਸੇ ਮੰਗੇ ਪਰ ਉਸ ਨੇ ਉਸ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਹ ਖ਼ੁਦ ਬਿਮਾਰ ਹੈ, ਪੈਸੇ ਕਿੱਥੋਂ ਦੇਵੇ।
ਗੁੱਸੇ ਵਿਚ ਆਏ ਜਰਮਨ ਮਸੀਹ ਨੇ ਆਪਣੇ ਪਿਤਾ ਦੇ ਸਿਰ ’ਤੇ ਰੋੜੇ ਨਾਲ ਤਿੰਨ-ਚਾਰ ਵਾਰ ਕਰ ਕੇ ਉਸ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ। ਇੱਥੇ ਹੀ ਬੱਸ ਨਹੀਂ ਜਰਮਨ ਨੇ ਧਰਤੀ ’ਤੇ ਡਿੱਗੇ ਪਿਤਾ ਦੇ ਸਿਰ ’ਤੇ ਡੰਡੇ ਨਾਲ ਚਾਰ-ਪੰਜ ਵਾਰ ਹੋਰ ਕਰ ਦਿੱਤੇ, ਜਿਸ ਨਾਲ ਉਸ ਦਾ ਪਤੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਜਦੋਂ ਉਹ ਪਤੀ ਨੂੰ ਪੁੱਤਰ ਤੋਂ ਛੁਡਾਉਣ ਲਈ ਅੱਗੇ ਗਈ ਤਾਂ ਉਸ ਨੇ ਉਸ ਨੂੰ ਧੱਕਾ ਦੇ ਕੇ ਉਥੋਂ ਭੱਜ ਗਿਆ ਉਸ ਨੇ ਕਿਹਾ ਕਿ ਉਹ ਜ਼ਖਮੀ ਪਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਲੈ ਗਈ ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਮ੍ਰਿਤਕ ਲੱਭਾ ਮਸੀਹ ਦੀ ਪਤਨੀ ਪਰਮਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਉਸ ਦੇ ਪੁੱਤਰ ਜਰਮਨ ਮਸੀਹ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

