ਮਾਛੀਵਾੜਾ ਸਾਹਿਬ, 16 ਦਸੰਬਰ 2022 – ਕੱਲ੍ਹ ਮਾਛੀਵਾੜਾ ਸਾਹਿਬ ਦੀ ਸਿਆਸਤ ਵਿਚ ਵੱਡੀ ਹਲਚਲ ਹੋਈ ਹੈ। ਵਿਧਾਇਕ ਦਿਆਲਪੁਰਾ ਦੀ ਅਗਵਾਈ ਹੇਠ ਸੋਨੂੰ ਕੁੰਦਰਾ ਆਪ ਪਾਰਟੀ ਦੀਆ ਨੀਤੀਆ ਤੋਂ ਪ੍ਰਭਾਵਿਤ ਹੋ ਆੜ੍ਹਤੀ ਸਾਥੀਆਂ ਅਤੇ ਪੰਚਾਇਤਾਂ ਦੇ ਮੈਂਬਰਾਂ ਸਮੇਤ 50 ਦੇ ਕਰੀਬ ‘ਆਪ’ ਵਿਚ ਸ਼ਾਮਲ ਹੋਏ ਹਨ।
ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਹੀ ਇੱਥੋਂ ਦੀ ਸਿਆਸਤ ਵਿਚ ਵੱਡੀ ਹਲਚਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਇੱਥੋਂ ਦੇ ਕੁੰਦਰਾ ਪਰਿਵਾਰ ਨਾਲ ਸਬੰਧਿਤ ਨੌਜਵਾਨ ਆਗੂ ਮੋਹਿਤ ਕੁੰਦਰਾ ਅਤੇ ਹੋਰ ਕਈ ਆੜ੍ਹਤੀ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ‘ਆਪ’ ਦੇ ਦਫ਼ਤਰ ਵਿਖੇ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਇਨ੍ਹਾਂ ਸਾਰੇ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਹੋਣ ’ਤੇ ਹਾਰ ਪਾ ਕੇ ਸਵਾਗਤ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਨੌਜਵਾਨ ਆਗੂ ਮੋਹਿਤ ਕੁੰਦਰਾ, (ਸਾਰੇ ਆੜ੍ਹਤੀ) ਵਲੋਂ ਆਪਣੀ ਸਮਰੱਥਾ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਨਾਲ ਕਾਫ਼ੀ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁਝ ਮਹੀਨਿਆਂ ’ਚ ਜੋ ਨਗਰ ਕੌਂਸਲ ਚੋਣਾਂ ਹੋਣ ਜਾ ਰਹੀਆਂ ਹਨ ਉਸ ਵਿਚ ‘ਆਪ’ ਦੇ ਸਾਰੇ ਪੁਰਾਣੇ ਆਗੂ ਤੇ ਵਰਕਰਾਂ ਤੋਂ ਇਲਾਵਾ ਜੋ ਨਵੇਂ ਸਾਡੇ ਪਰਿਵਾਰ ਵਿਚ ਸ਼ਾਮਲ ਹੋਏ ਹਨ ਉਹ ਸਾਰੇ ਹੀ ਪਾਰਟੀ ਦੀ ਜਿੱਤ ਲਈ ਅਹਿਮ ਭੂਮਿਕਾ ਨਿਭਾਉਣਗੇ।
ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਵਿਚ ਜੋ ਜਿੱਤਣ ਵਾਲੇ ਉਮੀਦਵਾਰ ਹੋਣਗੇ ਉਨ੍ਹਾਂ ਨੂੰ ਟਿਕਟਾਂ ਦੇ ਕੇ ਮੈਦਾਨ ਵਿਚ ਉਤਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਹੋਰ ਵੀ ਕਈ ਆਗੂ ਸ਼ਾਮਲ ਹੋਣਗੇ ਜਿਨ੍ਹਾਂ ਦਾ ਸਵਾਗਤ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੌਜਵਾਨ ਆਗੂ ਮੋਹਿਤ ਕੁੰਦਰਾ ਨੇ ਕਿਹਾ ਕਿ ਉਹ ‘ਆਪ’ ਦੀਆਂ ਨੀਤੀਆਂ ਅਤੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਲੋਕ ਹਿੱਤਾਂ ਵਾਲੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਸ਼ਾਮਲ ਹੋਏ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਹ ਬਿਨ੍ਹਾਂ ਕਿਸੇ ਸ਼ਰਤ ਤੋਂ ਪਾਰਟੀ ਵਿਚ ਸ਼ਾਮਲ ਹੋਏ ਹਨ ਅਤੇ ਜਿੱਥੇ ਵੀ ਵਿਧਾਇਕ ਦਿਆਲਪੁਰਾ ਉਨ੍ਹਾਂ ਨੂੰ ਕੋਈ ਜ਼ਿੰਮੇਵਾਰੀ ਸੌਂਪਣਗੇ ਉਹ ਤਨਦੇਹੀ ਨਾਲ ਨਿਭਾਉਣਗੇ।
ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਬੇਸ਼ੱਕ ਆਮ ਆਦਮੀ ਪਾਰਟੀ ਨੂੰ ਮਾਛੀਵਾੜਾ ’ਚੋਂ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਹੋਈ ਪਰ ਹੁਣ ਨਗਰ ਕੌਂਸਲ ਚੋਣਾਂ ਲਈ ਪਾਰਟੀ ਕੋਲ ਜਮੀਨੀ ਪੱਧਰ ’ਤੇ ਵਰਕਰਾਂ ਦੀ ਘਾਟ ਰਡ਼ਕਦੀ ਸੀ ਜੋ ਅੱਜ ਨੌਜਵਾਨ ਮੋਹਿਤ ਕੁੰਦਰਾ ਵਲੋਂ ਆਪਣੇ ਸਮਰਥਕਾਂ ਸਮੇਤ ਸ਼ਾਮਲ ਹੋਣ ਨਾਲ ਪੂਰੀ ਹੋ ਗਈ। ਕੁੰਦਰਾ ਪਰਿਵਾਰ ਦਾ ਮਾਛੀਵਾੜਾ ਸ਼ਹਿਰ ਵਿਚ ਚੰਗਾ ਅਧਾਰ ਹੈ ਅਤੇ ਇਸ ਘਰਾਣੇ ’ਚੋਂ ਹੀ ਨੌਜਵਾਨ ਆਗੂ ਮੋਹਿਤ ਕੁੰਦਰਾ ਲੋਕਾਂ ਨਾਲ ਜਮੀਨੀ ਪੱਧਰ ’ਤੇ ਜੁਡ਼ਿਆ ਹੋਇਆ ਹੈ। ਮਾਛੀਵਾੜਾ ਇਲਾਕੇ ਦੀ ਕਈ ਆੜ੍ਹਤੀਆਂ ਦੇ ਸ਼ਾਮਲ ਹੋਣ ਤੋਂ ਬਾਅਦ ਸਿਆਸੀ ਸਮੀਕਰਨ ਬਦਲਣਗੇ ਅਤੇ ਹੁਣ ਸ਼ਹਿਰ ਵਿਚ ਆਮ ਆਦਮੀ ਪਾਰਟੀ ਮਜ਼ਬੂਤੀ ਨਾਲ ਉੱਭਰਦੀ ਨਜ਼ਰ ਆਏਗੀ