ਸਪੀਕਰ ਨੇ ਅਧਿਕਾਰੀਆਂ ਨੂੰ ਫ਼ਿਰੋਜ਼ਪੁਰ ਮਿਰਚ ਪੱਟੀ ਦੇ ਕਿਸਾਨਾਂ ਲਈ ਪ੍ਰੋਸੈਸਿੰਗ ਪਲਾਂਟ ਲਾਉਣ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਆਖਿਆ

  • ਕੁਲਤਾਰ ਸਿੰਘ ਸੰਧਵਾਂ ਨੇ ਕਿਸਾਨਾਂ ਸਣੇ ਖੇਤੀਬਾੜੀ ਵਿਭਾਗ, ਮੰਡੀ ਬੋਰਡ ਅਤੇ ਪੰਜਾਬ ਐਗਰੋ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
  • ਪੰਜਾਬ ਐਗਰੋ ਨੂੰ ਮਿਰਚਾਂ ਦਾ ਮੁੱਲ ਤੈਅ ਕਰਨ ਸਮੇਂ ਕਿਸਾਨਾਂ ਦੇ ਨੁਮਾਇੰਦਿਆਂ ਨੂੰ ਸ਼ਾਮਲ ਕਰਨ ਲਈ ਕਿਹਾ

ਚੰਡੀਗੜ੍ਹ, 31 ਮਈ 2023 – ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਖੇਤੀਬਾੜੀ ਵਿਭਾਗ, ਪੰਜਾਬ ਮੰਡੀ ਬੋਰਡ ਅਤੇ ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਫ਼ਿਰੋਜ਼ਪੁਰ ਮਿਰਚ ਪੱਟੀ ਦੇ ਕਿਸਾਨਾਂ ਲਈ ਪ੍ਰੋਸੈਸਿੰਗ ਪਲਾਂਟ ਲਾਉਣ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਆਖਿਆ ਹੈ। ਉਨ੍ਹਾਂ ਇੱਕ ਮਹੀਨੇ ਦੇ ਅੰਦਰ ਇਸ ਸਬੰਧੀ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।

ਵਿਧਾਨ ਸਭਾ ਸਕੱਤਰੇਤ ਵਿਖੇ ਮਿਰਚ ਪੱਟੀ ਦੇ ਕਿਸਾਨਾਂ ਸਣੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਸ. ਸੰਧਵਾਂ ਨੇ ਕਿਹਾ ਕਿ ਫਿਰੋਜ਼ਪੁਰ ਪੱਟੀ ਦੇ ਕਿਸਾਨਾਂ ਵੱਲੋਂ ਇੱਕ ਅੰਦਾਜ਼ੇ ਮੁਤਾਬਕ ਕਰੀਬ 40,000 ਏਕੜ ਰਕਬੇ ‘ਤੇ ਮਿਰਚ ਦੀ ਖੇਤੀ ਕੀਤੀ ਜਾਂਦੀ ਹੈ। ਇਸ ਨਾਲ ਪੰਜਾਬ ਦੀ, ਸਭ ਤੋਂ ਵੱਧ ਮਿਰਚ ਉਤਪਾਦਨ ਵਾਲੇ ਦੇਸ਼ ਮੈਕਸੀਕੋ ‘ਤੇ ਨਿਰਭਰਤਾ ਘਟੇਗੀ, ਜੋ ਸੂਬੇ ਲਈ ਮਾਣ ਵਾਲੀ ਗੱਲ ਹੈ। ਇਸ ਲਈ ਸੂਬਾ ਸਰਕਾਰ ਦਾ ਫ਼ਰਜ਼ ਹੈ ਕਿ ਉਹ ਇਸ ਖੇਤਰ ਵਿੱਚ ਮਿਰਚ ਦੀ ਪ੍ਰੋਸੈਸਿੰਗ ਲਈ ਪਲਾਂਟ ਸਥਾਪਤ ਕਰੇ ਤਾਂ ਜੋ ਪੰਜਾਬ ਦੀ ਮਿਰਚ, ਜੋ ਰਾਜਸਥਾਨ ਦੇ ਜੈਪੁਰ ਵਿਖੇ ਵਿਕਦੀ ਹੈ ਅਤੇ ਮੁੜ ਘੁੰਮ ਕੇ ਅੰਮ੍ਰਿਤਸਰ ਦੀ ਮੰਡੀ ਵਿੱਚ ਵਿਕਣ ਲਈ ਆਉਂਦੀ ਹੈ, ਉਸ ਨੂੰ ਇਥੇ ਹੀ ਪ੍ਰੋਸੈਸ ਕਰਕੇ ਘਰੇਲੂ ਖਪਤ ਲਈ ਸਪਲਾਈ ਕੀਤੀ ਜਾ ਸਕੇ।

ਸਪੀਕਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਖੇਤਰ ਦੀਆਂ ਮਿਰਚਾਂ ਲਈ ਪ੍ਰੋਸੈਸਿੰਗ ਪਲਾਂਟ ਅਤੇ ਮਿਰਚਾਂ ਨੂੰ ਸੁਕਾਉਣ ਲਈ ਡਰਾਇਰ ਲਾਉਣ, ਨਵੀਂਆਂ ਕਿਸਮਾਂ ਲਈ ਖੋਜ ਕੇਂਦਰ ਅਤੇ ਕੋਲਡ ਸਟੋਰੇਜ ਚੇਨ ਸਥਾਪਤ ਕਰਨ ਜਿਹੀਆਂ ਸਹੂਲਤਾਂ ਲਈ ਸੰਭਾਵਨਾਵਾਂ ਤਲਾਸ਼ੀਆਂ ਜਾਣ। ਉਨ੍ਹਾਂ ਕਿਹਾ ਕਿ ਉਹ ਇੱਕ ਮਹੀਨੇ ਬਾਅਦ ਪ੍ਰਗਤੀ ਦੀ ਸਮੀਖਿਆ ਕਰਨਗੇ।

ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਵੱਲ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਉਨ੍ਹਾਂ ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ ਦੇ ਜਨਰਲ ਮੈਨੇਜਰ ਸ੍ਰੀ ਰਣਬੀਰ ਸਿੰਘ ਨੂੰ ਆਦੇਸ਼ ਦਿੱਤੇ ਕਿ ਉਹ ਮਿਰਚਾਂ ਦਾ ਮੁੱਲ ਤੈਅ ਕਰਨ ਸਮੇਂ ਕਿਸਾਨ ਨੁਮਾਇੰਦਿਆਂ ਨੂੰ ਸ਼ਾਮਲ ਕਰਨ। ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਵਲੋਂ ਇੱਕਜੁਟ ਹੋ ਕੇ ਮਿਰਚ ਦਾ ਮੁੱਲ ਤੈਅ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਹੋਰਨਾਂ ਕਿਸਾਨਾਂ ਨੂੰ ਵੀ ਇਨ੍ਹਾਂ ਕਿਸਾਨਾਂ ਤੋਂ ਸੇਧ ਲੈਣੀ ਚਾਹੀਦੀ ਹੈ।

ਇਸੇ ਤਰ੍ਹਾਂ ਪੰਜਾਬ ਮੰਡੀ ਬੋਰਡ ਦੀ ਸਕੱਤਰ ਮੈਡਮ ਅੰਮ੍ਰਿਤ ਗਿੱਲ ਨੂੰ ਪਹਿਲ ਦੇ ਆਧਾਰ ‘ਤੇ ਮੰਡੀਆਂ ਦੇ ਥੜ੍ਹੇ ਪੱਕੇ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਮੰਡੀਆਂ ਕਿਸਾਨਾਂ ਲਈ ਬਣਾਈਆਂ ਗਈਆਂ ਹਨ, ਇਸ ਲਈ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਮੰਡੀਆਂ ਦੀ ਵੱਧ ਤੋਂ ਵੱਧ ਵਰਤੋਂ ਕਿਸਾਨ ਵੱਲੋਂ ਕੀਤੀ ਜਾਵੇ ਨਾਕਿ ਵਪਾਰੀ ਵਰਗ ਨੂੰ ਪਹਿਲ ਦੇ ਕੇ ਕਿਸਾਨਾਂ ਨੂੰ ਦਰਕਿਨਾਰ ਕੀਤਾ ਜਾਵੇ।

ਮੀਟਿੰਗ ਦੌਰਾਨ ਵਿਧਾਇਕ ਗੁਰੂਹਰਸਹਾਏ ਸ. ਫੌਜਾ ਸਿੰਘ ਸਰਾਰੀ, ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ, ਵਿਧਾਇਕ ਧਰਮਕੋਟ ਸ. ਦਵਿੰਦਰਜੀਤ ਸਿੰਘ ਲਾਡੀ ਢੋਸ, ਵਿਧਾਇਕ ਜ਼ੀਰਾ ਸ੍ਰੀ ਨਰੇਸ਼ ਕਟਾਰੀਆ, ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ, ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਮੰਗਲ ਸਿੰਘ, ਬਾਗ਼ਬਾਨੀ ਵਿਭਾਗ ਦੇ ਸਕੱਤਰ ਸ. ਅਰਸ਼ਦੀਪ ਸਿੰਘ ਥਿੰਦ ਤੇ ਡਾਇਰੈਕਟਰ ਸ੍ਰੀਮਤੀ ਸ਼ੈਲੇਂਦਰ ਕੌਰ ਅਤੇ ਮਿਰਚ ਪੱਟੀ ਦੇ ਕਿਸਾਨ ਹਰਦੀਪ ਸਿੰਘ, ਬਲਵਿੰਦਰ ਸਿੰਘ, ਲਖਵਿੰਦਰ ਸਿੰਘ ਅਤੇ ਸ਼ਮਸ਼ੇਰ ਸਿੰਘ ਆਦਿ ਹਾਜ਼ਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੁੱਖ ਮੰਤਰੀ ਨੂੰ ਜੰਤਰੀ ਭੇਟ ਕਰਨਗੇ ਕੱਚੇ ਮੁਲਾਜ਼ਮ, ਸ਼ੁੱਭ ਤਾਰੀਖ ਕੱਢਵਾ ਕੇ ਰੈਗੂਲਰ ਦੇ ਆਰਡਰ ਦੇਣ ਦੀ ਕਰਨਗੇ ਅਪੀਲ

ਮਹਾਰਾਸ਼ਟਰ ’ਚ ਸਿਕਲੀਗਰ ਸਿੱਖਾਂ ਦੇ ਕ+ਤ+ਲ ਦਾ ਮਾਮਲਾ: ਅਕਾਲੀ ਦਲ ਨੇ ਪੀੜਤਾਂ ਦੇ ਪਰਿਵਾਰ ਦੀ ਕੀਤੀ ਵਿੱਤੀ ਮਦਦ