- ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ਼ ਸੰਬੰਧਤ ਹੈ ਵਿਲੱਖਣ ਪ੍ਰਾਜੈਕਟ
- ਮੋਹਣ ਸਿੰਘ ਨੂੰ ਯੂਨੀਵਰਸਿਟੀ ਨੇ ਇਸ ਪ੍ਰਾਜੈਕਟ ਲਈ ਦਿੱਤੀ ਹੈ ਦੋ ਸਾਲ ਦੀ ਫ਼ੈਲੋਸਿ਼ਪ
ਪਟਿਆਲਾ, 11 ਅਕਤੂਬਰ 2023 – ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ਼ ਸੰਬੰਧਤ ਇੱਕ ਵਿਸ਼ੇਸ਼ ਪ੍ਰਾਜੈਕਟ ਲਈ ਪੰਜਾਬੀ ਯੂਨੀਵਰਸਿਟੀ ਨੂੰ ਛੇ ਲੱਖ ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ ਹੈ। ਯੂਨੀਵਰਸਿਟੀ ਫ਼ੈਲੋ ਸ੍ਰ. ਮੋਹਣ ਸਿੰਘ ਦੀ ਅਗਵਾਈ ਵਿੱਚ ਕੀਤੇ ਜਾ ਰਹੇ ਇਸ ਪ੍ਰਾਜੈਕਟ ਲਈ ਉਨ੍ਹਾਂ ਆਪਣੇ ਅਖਤਿਆਰੀ ਫ਼ੰਡ ਵਿੱਚੋਂ ਜਾਰੀ ਇਸ ਰਾਸ਼ੀ ਦਾ ਚੈੱਕ ਚੰਡੀਗੜ੍ਹ ਵਿਖੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੂੰ ਸੌਂਪਿਆ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰ. ਮੋਹਣ ਸਿੰਘ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੇ ਸਹਿਯੋਗ ਨਾਲ਼ ਇਸ ਵਿਲੱਖਣ ਪ੍ਰਾਜੈਕਟ ਉੱਤੇ ਕੰਮ ਕੀਤਾ ਜਾ ਰਿਹਾ ਹੈ। ਇਸ ਪ੍ਰਾਜੈਕਟ ਰਾਹੀਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ਼ ਸੰਬੰਧਤ ਵਿਆਕਰਣਕ ਇਕਾਈਆਂ ਦਾ ਡੈਟਾ ਬੇਸ ਤਿਆਰ ਕਰ ਰਹੇ ਹਨ। ਇਸ ਮਕਸਦ ਲਈ ਦੋ ਖੋਜਾਰਥੀ ਉਨ੍ਹਾਂ ਨਾਲ਼ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਿਸ ਵੀ ਕਿਸੇ ਖੋਜਾਰਥੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਖੋਜ ਕਾਰਜ ਕਰਨਾ ਹੋਵੇਗਾ, ਉਸ ਲਈ ਇਹ ਡੈਟਾ ਬੇਸ ਇੱਕ ਪ੍ਰਮਾਣਿਤ ਸਰੋਤ ਵਜੋਂ ਸਹਾਈ ਹੋਵੇਗਾ। ਉਨ੍ਹਾਂ ਦੱਸਿਆ ਕਿ ਗੁਰਬਾਣੀ ਦੀ ਵਿਸ਼ੇਸ਼ ਵਿਆਕਰਣ ਬਾਰੇ ਪ੍ਰੋ. ਸਾਹਿਬ ਸਿੰਘ ਨੇ ਜੋ ਕਾਰਜ ਕੀਤਾ ਹੋਇਆ ਹੈ ਉਸੇ ਨੂੰ ਅੱਗੇ ਵਧਾਉਂਦਿਆਂ ਇਹ ਡੈਟਾ ਬੇਸ ਤਿਆਰ ਕੀਤਾ ਜਾ ਰਿਹਾ ਹੈ।
ਕੁਲਤਾਰ ਸਿੰਘ ਸੰਧਵਾਂ ਨੇ ਇਸ ਸੰਬੰਧੀ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਅਥਾਹ ਖੁਸ਼ੀ ਹੈ ਕਿ ਉਹ ਮਹਾਨ ਸਿੱਖ ਵਿਰਾਸਤ ਨਾਲ਼ ਸੰਬੰਧਤ ਇਸ ਪ੍ਰਾਜੈਕਟ ਵਿੱਚ ਆਪਣੇ ਅਖਤਿਆਰੀ ਫ਼ੰਡ ਵਿੱਚੋਂ ਕੁੱਝ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਵਿਰਸਾ ਬੜਾ ਮਹਾਨ ਹੈ। ਸਾਡਾ ਗੁਰੂ ਮਹਾਨ ਹੈ। ਭਵਿੱਖ ਵਿੱਚ ਆਉਣ ਵਾਲ਼ੀਆਂ ਪੀੜ੍ਹੀਆਂ ਦੇ ਰਾਹ ਰੁਸ਼ਨਾਉਣ ਲਈ ਗੁਰੂ ਸਾਹਿਬ ਬਾਰੇ ਜਿੰਨਾ ਵੀ ਕੰਮ ਹੋ ਸਕਦਾ ਹੈ, ਉਹ ਸਾਨੂੰ ਕਰਨਾ ਚਾਹੀਦਾ ਹੈ। ਦੁਨੀਆਂ ਭਰ ਦੀ ਸਿਆਣਪ ਗੁਰੂ ਸਾਹਿਬ ਸਾਨੂੰ ਬਖਸ਼ਦੇ ਹਨ। ਗੁਰੂ ਸਾਹਿਬ ਨਾਲ਼ ਸੰਬੰਧਤ ਅਜਿਹੇ ਕਾਰਜ ਕਰਨ ਲਈ ਯੂਨਵਿਰਸਿਟੀ ਵਧਾਈ ਦੀ ਪਾਤਰ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਆਪਣੇ ਅਕਾਦਮਿਕ ਕਾਰਜਾਂ ਦੇ ਮਿਆਰ ਅਤੇ ਇਤਿਹਾਸ ਦੇ ਹਵਾਲੇ ਨਾਲ਼ ਜਾਣੀ ਜਾਂਦੀ ਹੈ। ਸਿੱਖ ਵਿਰਾਸਤ ਅਤੇ ਗੁਰਮਤਿ ਧਾਰਾ ਨਾਲ਼ ਸੰਬੰਧਤ ਬਹੁਤ ਸਾਰਾ ਮੁੱਲਵਾਨ ਕਾਰਜ ਇੱਥੇ ਹੋਇਆ ਹੈ। ਉਮੀਦ ਹੈ ਕਿ ਇਸੇ ਲੜੀ ਵਿੱਚ ਇਹ ਪ੍ਰਾਜੈਕਟ ਵੀ ਇੱਕ ਮੁੱਲਵਾਨ ਵਾਧਾ ਸਿੱਧ ਹੋਵੇਗਾ।
ਮੋਹਣ ਸਿੰਘ ਵੱਲੋਂ ਇਸ ਪ੍ਰਾਜੈਕਟ ਵਿੱਚ ਹੋ ਰਹੇ ਕਾਰਜ ਦੀ ਵਿਧੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰਾਜੈਕਟ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਰੇਕ ਤੁਕ ਵਿੱਚ ਸ਼ਾਮਿਲ ਹਰੇਕ ਸ਼ਬਦ ਦੇ ਤਿੰਨ ਅਰਥ ਦਿੱਤੇ ਹਨ। ਸਭ ਤੋਂ ਪਹਿਲਾਂ ਉਸ ਸੰਬੰਧਤ ਸ਼ਬਦ ਦਾ ਵਿਆਕਰਣਕ ਅਰਥ ਅਤੇ ਫਿਰ ਅਜੋਕੇ ਸਮੇਂ ਵਿੱਚ ਇਸ ਦੇ ਵਰਤੇ ਜਾਂਦੇ ਅਰਥ ਦੱਸੇ ਜਾ ਰਹੇ ਹਨ ਇਸ ਉਪਰੰਤ ਜੇ ਕੋਈ ਹੋਰ ਵਿਸ਼ੇਸ਼ ਅਰਥ ਹੋਣ ਤਾਂ ਉਹ ਤੀਜੀ ਥਾਂ ਉੱਤੇ ਦਿੱਤੇ ਜਾਂਦੇ ਹਨ। ਅਰਥ ਦੱਸਣ ਸਮੇਂ ਸ਼ਬਦਾਂ ਦੀਆਂ ਵਿਆਕਰਣਕ ਇਕਾਈਆਂ ਅਤੇ ਸ਼ਰੇਣੀਆਂ ਆਦਿ ਦੀ ਪੂਰੀ ਤਫ਼ਸੀਲ ਦੱਸੀ ਜਾਂਦੀ ਹੈ।
ਇਸੇ ਤਰ੍ਹਾਂ ਹਰੇਕ ਤੁਕ ਦੇ ਵਿਆਕਰਣਿਕ ਅਤੇ ਸਟੀਕ ਅਰਥ ਦੱਸੇ ਜਾਂਦੇ ਹਨ। ਕੰਮ ਦੀ ਗਤੀ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਇੱਕ ਦਿਨ ਵਿੱਚ ਗੁਰੂ ਸਾਹਿਬ ਦੇ ਇੱਕ ਅੰਗ ਨੂੰ ਪੂਰਾ ਕਰ ਲਿਆ ਜਾਂਦਾ ਹੈ। ਇਸ ਹਿਸਾਬ ਨਾਲ਼ 1430 ਦਿਨਾਂ ਵਿੱਚ ਪ੍ਰਜੈਕਟ ਪੂਰਾ ਹੋਣ ਦੀ ਸੰਭਾਵਨਾ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਗਤੀ ਵਧਾਈ ਵੀ ਜਾ ਸਕਦੀ ਹੈ ਪਰ ਕੰਮ ਦੀ ਗੁਣਵੱਤਾ ਨਾਲ਼ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਉਹ ਇਸ ਪ੍ਰਾਜੈਕਟ ਨੂੰ ਆਪਣੇ ਪੱਧਰ ਉੱਤੇ ਕਰ ਰਹੇ ਸਨ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਖ਼ੁਦ ਇਸ ਕਾਰਜ ਵਿੱਚ ਰੁਚੀ ਲੈਂਦਿਆਂ ਉਨ੍ਹਾਂ ਨਾਲ਼ ਸੰਪਰਕ ਕੀਤਾ ਸੀ ਅਤੇ ਇਹ ਪ੍ਰਾਜੈਕਟ ਯੂਨੀਵਰਸਿਟੀ ਰਾਹੀਂ ਕਰਨ ਦੀ ਪੇਸ਼ਕਸ਼ ਦਿੱਤੀ ਸੀ। ਯੂਨੀਵਰਸਿਟੀ ਵੱਲੋਂ ਉਨ੍ਹਾਂ ਨੂੰ ਦੋ ਸਾਲ ਲਈ ਫ਼ੈਲੋਸਿ਼ਪ ਦਿੱਤੀ ਗਈ ਹੈ।