ਸਪੈਸ਼ਲ ਰੇਲ ਸ੍ਰੀ ਹਜ਼ੂਰ ਸਾਹਿਬ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇਗੀ
ਅੰਮ੍ਰਿਤਸਰ:- 7 ਅਗਸਤ 2024 – ਸ੍ਰੀ ਹਜ਼ੂਰ ਸਾਹਿਬ ਨੰਦੇੜ ਤੋਂ ਸਿੱਖਾਂ ਦਾ ਇੱਕ ਵਿਸ਼ੇਸ਼ ਵਫਦ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਨੰਦੇੜ ਤੋਂ ਚਲਣ ਵਾਲੀ ਧਾਰਮਿਕ ਰੇਲ ਯਾਤਰਾ ਲਈ ਦਿਲੀ ਵਿਖੇ ਮਿਲਿਆ। ਵਫਦ ਵਿਚ ਰਵਿੰਦਰ ਸਿੰਘ ਬੁੰਗਈ ਸਾਬਕਾ ਸਕੱਤਰ ਸੱਚਖੰਡ ਬੋਰਡ ਸ੍ਰੀ ਹਜ਼ੂਰ ਸਾਹਿਬ, ਰਵਿੰਦਰ ਸਿੰਘ ਕਪੂਰ, ਭਾਈ ਤਨਵੀਰ ਸਿੰਘ, ਇੰਦਰਪਾਲ ਸਿੰਘ ਰਿਕੀ ਨੇ ਮੁਲਾਕਾਤ ਕੀਤੀ ਅਤੇ ਯਾਤਰਾ ਦੇ ਰੂਟ ਸਬੰਧੀ ਵਿਚਾਰ ਕੀਤੀ। ਰਵਿੰਦਰ ਸਿੰਘ ਬੁੰਗਈ ਨੇ ਦਸਿਆ ਕਿ ਗੁਰਦੁਆਰਾ ਸ਼ਹੀਦ ਬਾਬਾ ਭੁਜੰਗ ਸਿੰਘ ਚੈਰਿਟੇਬਲ ਟ੍ਰਸਟ,ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵੱਲੋਂ ਪੰਜ ਤਖਤ ਸਾਹਿਬਾਨ ਅਤੇ ਹੋਰ ਇਤਿਹਾਸਿਕ ਗੁਰੂ ਧਾਮਾਂ ਦੀ ਸਪੈਸ਼ਲ ਯਾਤਰਾ ਮਿਤੀ 25 ਅਗਸਤ ਨੂੰ ਸ੍ਰੀ ਅਖੰਡਪਾਠ ਸਾਹਿਬ ਜੀ ਦੀ ਸਮਾਪਤੀ ਉਪਰੰਤ ਹਜ਼ੂਰ ਸਾਹਿਬ ਨਾਂਦੇੜ ਰੇਲਵੇ ਸਟੇਸ਼ਨ ਤੋਂ ਸਵੇਰੇ 11 ਵਜੇ ਪੰਜ ਪਿਆਰੇ ਸਾਹਿਬਾਨ, ਸਮੂਹ ਸੰਤ ਮਹਾਂਪੁਰਖਾਂ ਦੇ ਅਸ਼ੀਸ਼ ਨਾਲ ਆਰੰਭ ਹੋਵੇਗੀ। ਇਸ ਰੇਲ ਵਿੱਚ ਸਪੈਸ਼ਲ ਵੀ.ਆਈ.ਪੀ ਬੋਗੀ ਵਿੱਚ ਸ੍ਰੀ ਗੁਰੂ ਸਾਹਿਬ ਜੀ, ਨਿਸ਼ਾਨ ਸਾਹਿਬ, ਸਿੰਘ ਸਾਹਿਬਾਨ ਅਤੇ ਪੂਰਨ ਮਰਿਯਾਦਾ ਅਨੁਸਾਰ ਕੀਰਤਨ ਹੋਵੇਗਾ। ਗੁਰੂ ਸਾਹਿਬ ਜੀ ਦੇ ਘੋੜੇ ਵੀ ਪਿਛਲੇ ਪਾਸੇ ਬੋਗੀ ਵਿੱਚ ਹੋਣਗੇ।
ਯਾਤਰਾ ਵਿੱਚ ਲਗਭਗ 1300 ਦੀ ਗਿਣਤੀ ਵਿੱਚ ਸੰਗਤ ਹੋਵੇਗੀ। ਉਨ੍ਹਾਂ ਦਸਿਆ ਕਿ ਇਹ ਟਰੇਨ ਯਾਤਰਾ 25 ਅਗਸਤ ਤੋਂ 28 ਅਗਸਤ ਹਜ਼ੂਰ ਸਾਹਿਬ ਨੰਦੇੜ ਤੋਂ ਤਖਤ ਸ੍ਰੀ ਪਟਨਾ ਸਾਹਿਬ, 28 ਅਗਸਤ ਤੋਂ 30 ਅਗਸਤ ਤਖਤ ਸ੍ਰੀ ਪਟਨਾ ਸਾਹਿਬ ਤੋਂ ਦਿੱਲੀ, 30 ਅਗਸਤ ਤੋਂ 31 ਅਗਸਤ ਦਿੱਲੀ ਤੋਂ ਆਨੰਦਪੁਰ ਸਾਹਿਬ, 1 ਸਤੰਬਰ ਤੋਂ 2 ਸਤੰਬਰ ਸਰਹਿੰਦ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, 2 ਸਤੰਬਰ ਤੋਂ 4 ਸਤੰਬਰ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, 4 ਸਤੰਬਰ ਤੋਂ 6 ਸਤੰਬਰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਪੁਜੇਗੀ।