ਨਾਭਾ, 9 ਅਗਸਤ 2025 – ਜਿੱਥੇ ਪੂਰੇ ਦੇਸ਼ ‘ਚ ਭੈਣ-ਭਰਾ ਦਾ ਪਵਿੱਤਰ ਰੱਖੜੀ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਉੱਥੇ ਹੀ ਜੇਲ੍ਹਾਂ ‘ਚ ਬੰਦ ਬੰਦੀ ਭਰਾਵਾਂ ਦੇ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਛੋਟ ਦੇ ਕੇ ਇਸ ਤਿਉਹਾਰ ਨੂੰ ਮਨਾਉਣ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਇਸ ਤਹਿਤ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ‘ਚ ਬੰਦੀ ਭਰਾਵਾ ਦੀਆਂ ਭੈਣਾਂ ਵੱਲੋਂ ਜਿੱਥੇ ਰੱਖੜੀ ਬੰਨ੍ਹ ਕੇ ਖੁਸ਼ੀ ਜ਼ਾਹਰ ਕੀਤੀ ਗਈ, ਉੱਥੇ ਹੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਜੇਲ੍ਹ ਦੇ ਸੁਪਰੀਡੈਂਟ ਇੰਦਰਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੇਲ੍ਹਾਂ ‘ਚ ਬੰਦ ਕੈਦੀਆਂ ਨੂੰ ਵਿਸ਼ੇਸ਼ ਛੋਟ ਦਿੱਤੀ ਗਈ ਹੈ ਤਾਂ ਜੋ ਭੈਣਾਂ ਆਪਣੇ ਭਰਾਵਾਂ ਦੇ ਰੱਖੜੀ ਬੰਨ੍ਹ ਕੇ ਰੱਖੜੀ ਦੇ ਇਸ ਪਵਿੱਤਰ ਤਿਉਹਾਰ ਨੂੰ ਮਨਾ ਸਕਣ। ਭੈਣਾਂ ਵੱਲੋਂ ਭਰੇ ਮਨ ਨਾਲ ਰੱਖੜੀ ਬੰਨ੍ਹ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਭੈਣਾਂ ਵੱਲੋਂ ਆਪਣੇ ਭਰਾਵਾਂ ਨੂੰ ਭਰੇ ਮਨ ਨਾਲ ਅਪੀਲ ਵੀ ਕੀਤੀ ਗਈ ਕਿ ਉਹ ਇਸ ਤਰ੍ਹਾਂ ਦਾ ਜ਼ੁਰਮ ਨਾ ਕਰਨ ਕਿ ਉਹ ਜੇਲ੍ਹਾਂ ਵਿੱਚ ਬੰਦ ਹੋ ਕੇ ਆਪਣੇ ਪਰਿਵਾਰ ਤੋਂ ਵਿੱਛੜ ਕੇ ਰਹਿ ਜਾਣ।
ਇਸ ਮੌਕੇ ਜੇਲ੍ਹ ‘ਚ ਨਜ਼ਰਬੰਦ ਬੰਦੀ ਭਰਾਵਾਂ ਨੇ ਕਿਹਾ ਉਹ ਜੇਲ੍ਹ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਦੀਆਂ ਭੈਣਾਂ ਨੂੰ ਰੱਖੜੀ ਬੰਨਣ ਦਾ ਮੌਕਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਵੀ ਅਪਰਾਧ ਕਰਕੇ ਪਛਤਾ ਰਹੇ ਹਾਂ ਅਤੇ ਹੋਰਾਂ ਭਰਾਵਾਂ ਨੂੰ ਵੀ ਸੰਦੇਸ਼ ਦਿੰਦੇ ਹਾਂ ਕਿ ਤੁਸੀਂ ਅਪਰਾਧ ਨਾ ਕਰੋ ਕਿਉਂਕਿ ਅਪਰਾਧ ਕਰਨ ਦੇ ਨਾਲ ਜਿੱਥੇ ਤੁਸੀਂ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਪਹੁੰਚ ਜਾਂਦੇ ਹੋ, ਇਸ ਦੇ ਨਾਲ ਹੀ ਫਿਰ ਪਛਤਾਵੇ ਤੋਂ ਬਿਨਾਂ ਤੁਹਾਡੇ ਕੋਲ ਕੁੱਝ ਨਹੀਂ ਰਹਿੰਦਾ ਅਤੇ ਪਿੱਛੇ ਪਰਿਵਾਰ ਵੀ ਰੁਲ੍ਹ ਜਾਂਦਾ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਇਸ ਤਿਉਹਾਰ ਨੂੰ ਲੈ ਕੇ ਵਿਸ਼ੇਸ਼ ਛੋਟ ਦਿੱਤੀ ਹੈ।

