- 2 ਕਾਰਾਂ ਵਿਚਾਲੇ ਹੋਈ ਰੇਸ ‘ਚ ਬਲੇਨੋ ਡਰਾਈਵਰ ਨੇ ਗਵਾਇਆ ਸੰਤੁਲਨ
ਲੁਧਿਆਣਾ, 6 ਫਰਵਰੀ 2024 – ਲੁਧਿਆਣਾ ਦੇ ਥਰੀਕੇ ਰੋਡ ‘ਤੇ ਦੋ ਕਾਰਾਂ ਦੀ ਰੇਸ ਦੌਰਾਨ ਇੱਕ ਤੇਜ਼ ਰਫ਼ਤਾਰ ਕਾਰ ਦੇ ਡਰਾਈਵਰ ਕੋਲੋਂ ਕਾਰ ਬੇਕਾਬੂ ਹੋ ਗਈ ਅਤੇ ਨੇੜੇ ਹੀ ਇੱਕ ਖੋਖੇ ਕੋਲ ਅੱਗ ਛੇਕ ਰਹੇ ਲੋਕਾਂ ‘ਤੇ ਜਾ ਚੜ੍ਹੀ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਖੋਖੇ ਦੇ ਨਾਲ ਲੱਗਦੀ ਕੰਧ ਵਿੱਚ ਜਾ ਵੜੀ। ਇਸ ਹਾਦਸੇ ‘ਚ 4 ਲੋਕ ਗੰਭੀਰ ਜ਼ਖਮੀ ਹੋ ਗਏ, ਜਦਕਿ 1 ਵਿਅਕਤੀ ਦੀ ਮੌਤ ਹੋ ਗਈ।
ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਦੀ ਪਛਾਣ ਮੁਹੰਮਦ ਮੁਸਲਿਮ (70) ਵਜੋਂ ਹੋਈ ਹੈ। ਮੌਕੇ ‘ਤੇ ਐਂਬੂਲੈਂਸ ਨਾ ਪਹੁੰਚਣ ਕਾਰਨ ਲੋਕਾਂ ਨੇ ਕਰੀਬ 20 ਮਿੰਟ ਤੱਕ ਧਰਨਾ ਵੀ ਦਿੱਤਾ।
ਸੜਕ ‘ਤੇ ਰੌਲਾ ਪੈਣ ਤੋਂ ਬਾਅਦ ਤੁਰੰਤ ਲੋਕਾਂ ਦੀ ਭੀੜ ਇਕੱਠੀ ਹੋ ਗਈ। ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜਾਣਕਾਰੀ ਦਿੰਦਿਆਂ ਇੰਦੂ ਰਾਣੀ ਨੇ ਦੱਸਿਆ ਕਿ ਉਸ ਦਾ ਪਤੀ ਲਲਿਤ ਗੰਭੀਰ ਜ਼ਖਮੀ ਹੈ। ਮੁਹੰਮਦ ਮੁਸਲਿਮ ਨਾਮ ਦੇ ਇੱਕ ਬਜ਼ੁਰਗ ਦੀ ਮੌਤ ਹੋ ਗਈ ਹੈ। ਬਾਕੀ ਤਿੰਨ ਜ਼ਖਮੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਇੰਦੂ ਅਨੁਸਾਰ ਉਸ ਦਾ ਪਤੀ ਲਲਿਤ ਕੰਮ ਤੋਂ ਵਾਪਸ ਆਇਆ ਸੀ ਅਤੇ ਖੋਖੇ ‘ਤੇ ਹੋਰ ਲੋਕਾਂ ਨਾਲ ਖੜ੍ਹਾ ਸੀ। ਇਸੇ ਦੌਰਾਨ ਦੋ ਕਾਰਾਂ ਤੇਜ਼ ਰਫ਼ਤਾਰ ਨਾਲ ਆ ਗਈਆਂ। ਇੱਕ ਕਾਰ ਤਾਂ ਲੰਘ ਗਈ ਪਰ ਬਲੇਨੋ ਕਾਰ ਚਾਲਕ ਕਾਰ ਦੇ ਸਟੇਅਰਿੰਗ ‘ਤੇ ਕਾਬੂ ਨਾ ਰੱਖ ਸਕਿਆ। ਕਾਰ ਨੇ ਧੂਣੀ ਲੈ ਕੇ ਅੱਗ ਛੇਕ ਰਹੇ ਲੋਕਾਂ ਨੂੰ ਕੁਚਲ ਦਿੱਤਾ।
ਰਾਹਗੀਰਾਂ ਨੇ ਖੂਨ ਨਾਲ ਲੱਥਪੱਥ ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਪਹੁੰਚਾਇਆ। ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਇੰਦੂ ਨੇ ਪੁਲਿਸ ਮੁਲਾਜ਼ਮਾਂ ‘ਤੇ ਬਲੇਨੋ ਕਾਰ ਚਾਲਕ ਅਤੇ ਔਰਤ ਨੂੰ ਭਜਾ ਕੇ ਲੈ ਜਾਣ ਦਾ ਦੋਸ਼ ਲਗਾਇਆ ਹੈ।
ਇੱਕ ਚਸ਼ਮਦੀਦ ਨੇ ਦੱਸਿਆ ਕਿ ਬਲੇਨੋ ਕਾਰ ਨੂੰ ਇਕ ਨੌਜਵਾਨ ਚਲਾ ਰਿਹਾ ਸੀ ਅਤੇ ਲੜਕੀ ਉਸ ਦੇ ਨਾਲ ਬੈਠੀ ਸੀ। ਲੋਕਾਂ ਨੇ ਕਾਰ ਨੂੰ ਸਿੱਧੀ ਕਰ ਕੇ ਮੁਹੰਮਦ ਮੁਸਲਿਮ ਨੂੰ ਕਾਰ ਹੇਠੋਂ ਬਾਹਰ ਕੱਢਿਆ। ਮੌਕੇ ‘ਤੇ ਐਂਬੂਲੈਂਸ ਬੁਲਾਈ ਗਈ ਪਰ ਐਂਬੂਲੈਂਸ ਨਹੀਂ ਆਈ। ਉਹ ਜ਼ਖਮੀ ਹਾਲਤ ‘ਚ ਮੁਹੰਮਦ ਮੁਸਲਿਮ ਨੂੰ ਰਘੂਨਾਥ ਹਸਪਤਾਲ ਲੈ ਗਏ ਪਰ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਕੰਧ ਅਤੇ ਖੋਖੇ ਨਾਲ ਕਾਰ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਏਅਰ ਬੈਗ ਵੀ ਖੁੱਲ੍ਹ ਗਏ। ਕਾਰ ਦਾ ਬੰਪਰ ਅਤੇ ਸੀਟਾਂ ਖੂਨ ਨਾਲ ਭਰੀਆਂ ਹੋਈਆਂ ਸਨ। ਮੌਕੇ ‘ਤੇ ਪਹੁੰਚੇ ਥਾਣਾ ਸਦਰ ਦੇ ਐੱਸਐੱਚਓ ਗੁਰਪ੍ਰੀਤ ਸਿੰਘ ਅਨੁਸਾਰ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਬਾਕੀ ਕੁਝ ਲੋਕ ਜ਼ਖਮੀ ਹਨ ਅਤੇ ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਬਾਰੇ ਪਤਾ ਲਗਾ ਰਹੇ ਹਨ।
ਜ਼ਖਮੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਘਟਨਾ ਵਾਲੀ ਥਾਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾਵੇਗੀ। ਜੇਕਰ ਦੋ ਕਾਰਾਂ ਵਿਚਕਾਰ ਰੇਸਿੰਗ ਵਰਗਾ ਕੋਈ ਮਾਮਲਾ ਸਾਹਮਣੇ ਆਇਆ ਤਾਂ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇਗੀ।