ਜਲੰਧਰ, 9 ਨਵੰਬਰ 2022 – ਜਲੰਧਰ ਸ਼ਹਿਰ ‘ਚ ਸਿਟੀ ਰੇਲਵੇ ਸਟੇਸ਼ਨ ਦੇ ਬਾਹਰ ਹੁੱਲੜਬਾਜ਼ੀ ਕਰਦੇ ਕੁੱਝ ਨੌਜਵਾਨਾਂ ਨੇ ਤੇਜ਼ ਰਫਤਾਰ ਕਾਰ ਮਾਂ ਧੀ ‘ਤੇ ਚੜ੍ਹਾ ਦਿੱਤੀ। ਜਿਸ ‘ਚ ਦੋਵੇਂ ਗੰਭੀਰ ਜ਼ਖਮੀ ਹੋ ਗਈਆਂ। ਜਿਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਦੋਵਾਂ ਨੂੰ ਹਸਪਤਾਲ ਦਾਖਲ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਕਾਰ ਚਲਾ ਰਿਹਾ ਨੌਜਵਾਨ ਨਸ਼ੇ ‘ਚ ਸੀ। ਹਾਦਸੇ ਦੇ ਤੁਰੰਤ ਬਾਅਦ ਜੀਆਰਪੀ ਨੇ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ, ਜਦਕਿ 3 ਭੱਜਣ ਵਿੱਚ ਕਾਮਯਾਬ ਹੋ ਗਏ।
ਇਹ ਹਾਦਸਾ ਸਵੇਰੇ ਕਰੀਬ 5 ਵਜੇ ਰੇਲਵੇ ਸਟੇਸ਼ਨ ‘ਤੇ ਵਾਪਰਿਆ। ਮਾਂ-ਧੀ ਦੋਵੇਂ ਜਾਣੀਆਂ ਸਿਟੀ ਰੇਲਵੇ ਸਟੇਸ਼ਨ ਦੇ ਬਾਹਰ ਪਰਫੇਟ ‘ਤੇ ਖੜ੍ਹੀਆਂ ਕਿਸੇ ਦੀ ਉਡੀਕ ਕਰ ਰਹੀਆਂ ਸੀ। ਉਸ ਹੀ ਵੇਲੇ ਇੱਕ ਤੇਜ਼ ਰਫਤਾਰ ਕਾਰ ਨੇ ਪਰਫਿਟ ‘ਤੇ ਚੜ੍ਹਦੇ ਹੋਏ ਮਾਂ-ਧੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਹਾਦਸੇ ਤੋਂ ਬਾਅਦ ਆਸ-ਪਾਸ ਦੇ ਲੋਕ ਮੌਕੇ ‘ਤੇ ਪਹੁੰਚ ਗਏ। ਲੋਕਾਂ ਨੇ ਜ਼ਖਮੀ ਮਾਂ-ਧੀ ਨੂੰ ਤੁਰੰਤ ਦੂਜੇ ਵਾਹਨ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ। ਮਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਅੱਠ ਸਾਲਾ ਧੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਲੜਕੀ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਅਤੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ। ਜਿਸ ਕਾਰਨ ਉਸ ਨੂੰ ਸਿਵਲ ਹਸਪਤਾਲ ਤੋਂ ਪ੍ਰਾਈਵੇਟ ਹਸਪਤਾਲ ਰੈਫਰ ਕਰ ਦਿੱਤਾ ਗਿਆ। ਡਾਕਟਰਾਂ ਅਨੁਸਾਰ ਲੜਕੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਹੈ।
ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਸ ਨੇ ਮਾਰੂਤੀ ਬਲੇਨੋ ਕਾਰ ਨੰਬਰ ਡੀ.ਐੱਲ.-2 ਸੀ.ਬੀ.ਡੀ.-6313 ਨੂੰ ਆਪਣੇ ਕਬਜ਼ੇ ‘ਚ ਲੈ ਲਿਆ। ਕਾਰ ਵਿੱਚ ਸਵਾਰ ਇੱਕ ਨੌਜਵਾਨ ਨੂੰ ਜੀਆਰਪੀ ਨੇ ਮੌਕੇ ਤੋਂ ਕਾਬੂ ਕਰ ਲਿਆ, ਜਦਕਿ ਉਸਦੇ 3 ਸਾਥੀ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨਸ਼ੇ ‘ਚ ਸੀ। ਉਸ ਨੂੰ ਟੱਕਰ ਮਾਰਨ ਤੋਂ ਬਾਅਦ ਨੌਜਵਾਨ ਕਾਰ ਮੌਕੇ ‘ਤੇ ਛੱਡ ਕੇ ਫਰਾਰ ਹੋ ਗਏ। ਪੁਲੀਸ ਨੇ ਆਸਪਾਸ ਦੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ।