- ਲੋਕਾਂ ਨੇ ਲਾਏ ਦੋਸ਼ ਡਰਾਈਵਰ ਨਸ਼ੇ ਦੀ ਹਾਲਤ ‘ਚ ਸੀ
ਖੰਨਾ, 24 ਮਾਰਚ 2023 – ਲੁਧਿਆਣਾ ਦੇ ਕਸਬਾ ਖੰਨਾ ਨੇੜੇ ਨੈਸ਼ਨਲ ਹਾਈਵੇਅ ‘ਤੇ ਇੱਕ ਤੇਜ਼ ਰਫ਼ਤਾਰ ਟਰੱਕ ਇੱਕ ਢਾਬੇ ‘ਚ ਜਾ ਵੜਿਆ। ਹਾਦਸੇ ‘ਚ ਢਾਬੇ ‘ਤੇ ਕੰਮ ਕਰ ਰਹੇ ਇੱਕ ਮੁਲਾਜ਼ਮ ਦੀ ਮੌਤ ਹੋ ਗਈ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਟਰੱਕ ਸਰਵਿਸ ਲਾਈਨ ‘ਤੇ ਤੇਜ਼ ਰਫਤਾਰ ਨਾਲ ਆ ਰਿਹਾ ਸੀ। ਇਸ ਦੌਰਾਨ ਸਰਵਿਸ ਲਾਈਨ ‘ਤੇ ਇਕ ਕਾਰ ਆ ਰਹੀ ਸੀ। ਡਰਾਈਵਰ ਨੇ ਉਸ ਨੂੰ ਬਚਾਉਣ ਲਈ ਟਰੱਕ ਨੂੰ ਢਾਬੇ ਵੱਲ ਮੋੜ ਦਿੱਤਾ।
ਬੇਕਾਬੂ ਹੋਏ ਟਰੱਕ ਨੂੰ ਡਰਾਈਵਰ ਕਾਬੂ ਨਾ ਕਰ ਸਕਿਆ ਅਤੇ ਟਰੱਕ ਢਾਬੇ ਦੇ ਬਾਹਰ ਖੜ੍ਹੇ ਮੁਲਾਜ਼ਮ ਦੇ ਉਪਰ ਜਾ ਚੜ੍ਹਿਆ। ਲੋਕਾਂ ਨੇ ਟਰੱਕ ਡਰਾਈਵਰ ‘ਤੇ ਨਸ਼ੇ ‘ਚ ਹੋਣ ਦਾ ਦੋਸ਼ ਵੀ ਲਗਾਇਆ ਹੈ। ਮ੍ਰਿਤਕ ਦੀ ਪਛਾਣ ਤਿਲਕ ਰਾਮ (17) ਵਜੋਂ ਹੋਈ ਹੈ। ਤਿਲਕ ਰਾਮ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਲਿਜਾਇਆ ਗਿਆ।
ਡਾਕਟਰ ਨੇ ਇਲਾਜ ਦੌਰਾਨ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ‘ਚ ਰਖਵਾਇਆ ਗਿਆ ਹੈ। ਮੁੱਢਲੀ ਜਾਂਚ ਵਿੱਚ ਡਾਕਟਰਾਂ ਅਨੁਸਾਰ ਨੌਜਵਾਨ ਦੇ ਸਿਰ ਵਿੱਚ ਜ਼ਿਆਦਾ ਸੱਟਾਂ ਲੱਗੀਆਂ ਹਨ। ਬਾਕੀ ਪੋਸਟਮਾਰਟਮ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ।
ਢਾਬਾ ਮਾਲਕ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਉਸ ਦਾ ਮੁਲਾਜ਼ਮ ਢਾਬੇ ਦੇ ਬਾਹਰ ਖੜ੍ਹਾ ਸੀ ਅਤੇ ਸੀਟੀ ਵਜਾ ਕੇ ਗਾਹਕਾਂ ਨੂੰ ਅੰਦਰ ਬੁਲਾ ਕੇ ਗੱਡੀਆਂ ਆਦਿ ਖੜ੍ਹੀਆਂ ਕਰਾਉਂਦਾ ਸੀ ਤਾਂ ਤੇਜ਼ ਰਫ਼ਤਾਰ ਟਰੱਕ ਚਾਲਕ ਨੇ ਉਸ ਨੂੰ ਕੁਚਲ ਦਿੱਤਾ। ਦੋਸ਼ ਹਨ ਕਿ ਟਰੱਕ ਡਰਾਈਵਰ ਸ਼ਰਾਬ ਦੇ ਨਸ਼ੇ ‘ਚ ਸੀ। ਸ਼ਰਾਬ ਦੇ ਨਸ਼ੇ ‘ਚ ਹੋਣ ਕਾਰਨ ਉਹ ਟਰੱਕ ਨੂੰ ਨਹੀਂ ਸੰਭਾਲ ਸਕਿਆ। ਢਾਬੇ ‘ਤੇ ਖਾਣਾ ਖਾ ਰਹੇ ਗਾਹਕ ਵੀ ਆਪਣੀ ਜਾਨ ਬਚਾ ਕੇ ਭੱਜ ਗਏ।
ਹਾਈਵੇਅ ’ਤੇ ਸਥਿਤ ਢਾਬਾ ਮਾਲਕਾਂ ਨੇ ਪੁਲੀਸ ਤੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਮ੍ਰਿਤਕ ਨਾਬਾਲਗ ਨੌਜਵਾਨ ਦੇ ਪਰਿਵਾਰ ਦੀ ਆਰਥਿਕ ਮਦਦ ਦੀ ਵੀ ਮੰਗ ਕੀਤੀ।