ਅੰਮ੍ਰਿਤਸਰ, 4 ਜੂਨ 2023 – ਜੂਨ 1984 ’ਚ ਭਾਰਤ ਦੀ ਕਾਂਗਰਸ ਸਰਕਾਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘ, ਸਿੰਘਣੀਆਂ ਤੇ ਬੱਚਿਆਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ 6 ਜੂਨ ਨੂੰ ਹੋਣ ਵਾਲੇ ਸਾਲਾਨਾ ਸ਼ਹੀਦੀ ਸਮਾਗਮ ਦੇ ਸਬੰਧ ਵਿਚ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ। ਅਰਦਾਸ ਉਪਰੰਤ ਸੰਗਤ ਨੂੰ ਪਾਵਨ ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ ਨੇ ਸਰਵਣ ਕਰਵਾਇਆ।
ਇਸ ਦੌਰਾਨ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਜੂਨ 1984 `ਚ ਸਮੇਂ ਦੀ ਹਕੂਮਤ ਵੱਲੋਂ ਕੀਤੇ ਗਏ ਕਰੂਰ ਕਾਰੇ ਨੇ ਸਿੱਖ ਕੌਮ ਨੂੰ ਡੂੰਘੇ ਜਖਮ ਦਿੱਤੇ ਹਨ, ਜੋ ਕੌਮ ਕਦੇ ਵੀ ਭੁੱਲ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਹਰ ਸਾਲ ਇਹ ਦਿਨ ਆਉਂਦਿਆਂ ਹੀ ਸਿੱਖ ਕੌਮ ਨੂੰ ਕਾਂਗਰਸ ਸਰਕਾਰ ਵੱਲੋਂ ਕੀਤੇ ਤਸ਼ੱਦਦ ਯਾਦ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇਸ ਘੱਲੂਘਾਰੇ ਵਿੱਚ ਜਿਥੇ ਅਨੇਕਾਂ ਸ਼ਹਾਦਤਾਂ ਹੋਈਆਂ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵੀ ਗੋਲੀਆਂ ਲੱਗਣ ਕਾਰਨ ਜ਼ਖਮੀ ਹੋਏ। ਉਨ੍ਹਾ ਦੱਸਿਆ ਕਿ ਜ਼ਖਮੀ ਹੋਏ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ 6 ਜੂਨ ਨੂੰ ਸੰਗਤ ਦੇ ਦਰਸ਼ਨ ਲਈ ਸਸ਼ੋਭਿਤ ਕੀਤੇ ਜਾਣਗੇ। ਉਨ੍ਹਾ ਸੰਗਤ ਨੂੰ ਅਪੀਲ ਕੀਤੀ ਕਿ 6 ਜੂਨ ਸਮੂਹ ਸ਼ਹੀਦਾਂ ਨੂੰ ਸਤਿਕਾਰ ਭੇਟ ਕਰਨ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸ ਹਰਜਾਪ ਸਿੰਘ ਸੁਲਤਾਨਵਿੰਡ, ਡਿਪਟੀ ਡਾਇਰੈਕਟਰ ਬੀਬੀ ਸਤਵੰਤ ਕੌਰ, ਫੈਡਰੇਸ਼ਨ ਪ੍ਰਧਾਨ ਭਾਈ ਕੰਵਰਚੜਤ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਮਾਂਗਾਸਰਾਏ, ਸੁਪਰਡੈਂਟ ਮਲਕੀਤ ਸਿੰਘ ਬਹਿੜਵਾਲ, ਮੈਨੇਜਰ ਸੁਖਰਾਜ ਸਿੰਘ, ਬਘੇਲ ਸਿੰਘ ਆਦਿ ਹਾਜ਼ਰ ਸਨ।