ਜੱਲੂਖੇੜਾ(ਅੰਮ੍ਰਿਤਸਰ), 23 ਅਪ੍ਰੈਲ, 2023: ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਮਾਪੇ ਉਸਦੀ ਪਿੱਠ ’ਤੇ ਆ ਗਏ ਹਨ ਤੇ ਉਹਨਾਂ ਕਿਹਾ ਹੈ ਕਿ ਉਹਨਾਂ ਨੂੰ ਆਪਣੇ ਪੁੱਤਰ ’ਤੇ ਮਾਣ ਹੈ ਤੇ ਉਹ ਉਸਦਾ ਕੇਸ ਲੜਨਗੇ। ਅੰਮ੍ਰਿਤਪਾਲ ਸਿੰਘ ਦੀ ਮਾਤਾ ਨੇ ਕਿਹਾ ਕਿ ਉਹਨਾਂ ਦਾ ਪੁੱਤਰ ਸ਼ੇਰ ਹੈ ਤੇ ਉਸਨੇ ਸ਼ੇਰ ਵਾਂਗ ਹੀ ਆਤਮ ਸਮਰਪਣ ਕੀਤਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਖਬਰਾਂ ਤੋਂ ਪਤਾ ਲੱਗਾ ਹੈ ਕਿ ਅੱਜ ਸਵੇਰੇ 7 ਵਜੇ ਉਸਨੇ ਆਤਮ ਸਮਰਪਣ ਕੀਤਾ ਹੈ। ਉਹਨਾਂ ਇਹ ਵੀ ਕਿਹਾ ਕਿ ਪੁਲਿਸ ਨੇ ਉਹਨਾਂ ਦੀ ਨੂੰਹ ਨੂੰ ਵਿਦੇਸ਼ ਜਾਣ ਤੋਂ ਰੋਕ ਕੇ ਵਧੀਕੀ ਕੀਤੀ ਹੈ, ਕਿਉਂਕਿ ਉਸਦੇ ਖਿਲਾਫ ਕੋਈ ਕੇਸ ਨਹੀਂ ਹੈ।
ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਕਿਹਾ ਹੈ ਕਿ ਹੁਣ ਜਦੋਂ ਅੰਮ੍ਰਿਤਪਾਲ ਸਿੰਘ ਗ੍ਰਿਫਤਾਰ ਹੋ ਗਿਆ ਹੈ ਤਾਂ ਪੰਜਾਬ ਸਰਕਾਰ ਨੂੰ ਨਜਾਇਜ਼ ਫੜੇ ਸਾਰੇ ਸਿੱਖ ਨੌਜਵਾਨ ਰਿਹਾਅ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਉਹ ਆਪਣੇ ਪੁੱਤਰ ਦਾ ਕੇਸ ਲੜਨਗੇ ਤੇ ਉਹ ਬੇਕਸੂਰ ਹੈ।