ਲੁਧਿਆਣਾ, 28 ਮਈ 2022 – ਪੰਜਾਬ ਦੀ ਐਸਟੀਐਫ (ਸਪੈਸ਼ਲ ਟਾਸਕ ਫੋਰਸ) ਨੇ ਲੁਧਿਆਣਾ ਵਿੱਚ ਵੱਖ-ਵੱਖ ਥਾਵਾਂ ਤੋਂ 3 ਨਸ਼ਾ ਤਸਕਰਾਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਸ਼ੁੱਕਰਵਾਰ ਨੂੰ ਐਸਟੀਐਫ ਨੇ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਕੋਲੋਂ 5 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਹੈਰੋਇਨ ਦੀ ਕੀਮਤ ਕਰੀਬ 28 ਕਰੋੜ ਦੱਸੀ ਜਾ ਰਹੀ ਹੈ।
ਮੁਲਜ਼ਮਾਂ ਖ਼ਿਲਾਫ਼ ਥਾਣਾ ਮੁਹਾਲੀ ਵਿੱਚ ਨਸ਼ਾ ਤਸਕਰੀ ਦੇ ਕੇਸ ਵੀ ਦਰਜ ਹਨ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ, ਤਾਂ ਜੋ ਪਤਾ ਲੱਗ ਸਕੇ ਕਿ ਮੁਲਜ਼ਮਾਂ ਦੇ ਸੰਪਰਕ ਸਿਰਫ਼ ਭਾਰਤ ਵਿੱਚ ਹੀ ਹਨ ਜਾਂ ਮੁਲਜ਼ਮ ਪਾਕਿਸਤਾਨ ਦੇ ਸਰਹੱਦੀ ਇਲਾਕਿਆਂ ਵਿੱਚੋਂ ਨਸ਼ਿਆਂ ਦੀ ਤਸਕਰੀ ਕਰਦੇ ਹਨ। ਪੁਲੀਸ ਮੁਲਜ਼ਮਾਂ ਦੇ ਡਰੱਗ ਨੈੱਟਵਰਕ ਦਾ ਪਤਾ ਲਗਾ ਰਹੀ ਹੈ। ਤਿੰਨੋਂ ਮੁਲਜ਼ਮ ਵੱਖ-ਵੱਖ ਧੰਦਿਆਂ ਦੀ ਆੜ ਵਿੱਚ ਨਸ਼ਿਆਂ ਦੀ ਤਸਕਰੀ ਕਰਦੇ ਸਨ।
ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਜੀ.ਐਸ.ਬੀ ਫਲੈਟ ਪਿੰਡ ਮਾਣਕਵਾਲ ਦਾ ਰਹਿਣ ਵਾਲਾ ਆਸ਼ੂ ਅਰੋੜਾ (30) ਪਿਛਲੇ ਕਾਫੀ ਸਮੇਂ ਤੋਂ ਹੈਰੋਇਨ ਦੀ ਸਪਲਾਈ ਕਰਦਾ ਸੀ। ਆਸ਼ੂ ਜਮਾਤੋ ਵਾਲੇ ਲਾਲ ਰੰਗ ਦੇ ਬੈਗ ਵਿੱਚ ਹੈਰੋਇਨ ਦੀ ਤਸਕਰੀ ਕਰਦਾ ਹੈ। ਸੂਚਨਾ ਦੇ ਆਧਾਰ ‘ਤੇ ਟੀਮ ਨੇ ਉਸ ਦੇ ਘਰ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਜਿਵੇਂ ਹੀ ਮੁਲਜ਼ਮ ਹੈਰੋਇਨ ਸਪਲਾਈ ਕਰਨ ਲਈ ਨਿਕਲਿਆ ਤਾਂ ਟੀਮ ਨੇ ਉਸ ਨੂੰ ਫੜ ਕੇ ਉਸ ਦੇ ਬੈਗ ਦੀ ਤਲਾਸ਼ੀ ਲਈ।
ਤਲਾਸ਼ੀ ਦੌਰਾਨ ਬੈਗ ਵਿੱਚੋਂ 2 ਕਿਲੋ 40 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਨੇ ਦੱਸਿਆ ਕਿ ਉਹ ਘੁਮਾਰ ਮੰਡੀ ਵਿੱਚ ਇੱਕ ਕੱਪੜਿਆਂ ਦੇ ਸ਼ੋਅਰੂਮ ਵਿੱਚ ਸੇਲਜ਼ਮੈਨ ਦਾ ਕੰਮ ਕਰਦਾ ਹੈ। ਮੁਲਜ਼ਮ ਖੁਦ ਵੀ ਨਸ਼ੇ ਦਾ ਆਦੀ ਹੈ ਅਤੇ ਗਾਹਕਾਂ ਨੂੰ ਨਸ਼ੇ ਦੀ ਸਪਲਾਈ ਵੀ ਕਰਦਾ ਹੈ। ਉਹ ਦਿੱਲੀ ਤੋਂ ਹੈਰੋਇਨ ਲਿਆ ਕੇ ਲੁਧਿਆਣਾ ਦੇ ਇਲਾਕਿਆਂ ਵਿੱਚ ਵੇਚਦਾ ਸੀ।
ਦੂਜੇ ਮਾਮਲੇ ‘ਚ ਟੀਮ ਨੇ ਚੰਦਰ ਨਗਰ ਦੇ ਰਹਿਣ ਵਾਲੇ ਸਚਿਨ ਸ਼ਰਮਾ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ ‘ਚੋਂ 810 ਗ੍ਰਾਮ ਹੈਰੋਇਨ ਬਰਾਮਦ ਕੀਤੀ | ਮੁਲਜ਼ਮ ਨੂੰ ਪੁਲੀਸ ਨੇ ਉਸ ਵੇਲੇ ਕਾਬੂ ਕੀਤਾ ਜਦੋਂ ਉਹ ਨਸ਼ਾ ਸਪਲਾਈ ਕਰਨ ਜਾ ਰਿਹਾ ਸੀ। ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ 5 ਕਿਲੋ ਚਰਸ ਦਾ ਕੇਸ ਦਰਜ ਹੈ। ਮੁਲਜ਼ਮ ਚੌਰਾ ਬਾਜ਼ਾਰ ਵਿੱਚ ਇੱਕ ਦੁਕਾਨ ’ਤੇ ਸੇਲਜ਼ਮੈਨ ਵਜੋਂ ਕੰਮ ਕਰਦਾ ਹੈ ਅਤੇ ਖ਼ੁਦ ਵੀ ਨਸ਼ਾ ਕਰਦਾ ਹੈ। ਮੁਲਜ਼ਮ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਤੋਂ ਨਸ਼ਾ ਲਿਆਉਂਦਾ ਹੈ।
ਇੱਕ ਹੋਰ ਮਾਮਲੇ ਵਿੱਚ ਐਸਟੀਐਫ ਨੇ ਫਿਰੋਜ਼ਪੁਰ ਦੇ ਪਿੰਡ ਲੱਖੋ ਦੇ ਰਹਿਣ ਵਾਲੇ ਜਸਵਿੰਦਰ ਸਿੰਘ (24) ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਸਰਹੱਦੀ ਖੇਤਰ ਤੋਂ ਹੈਰੋਇਨ ਲਿਆ ਕੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ’ਤੇ ਵੇਚਦੇ ਸਨ। ਜਿਸ ਦਾ ਕਿਸੇ ਨੂੰ ਪਤਾ ਨਾ ਲੱਗਣ ਕਾਰਨ ਮੁਲਜ਼ਮ ਵੱਖ-ਵੱਖ ਸ਼ਹਿਰਾਂ ਵਿੱਚ ਬੱਸ ਰਾਹੀਂ ਹੈਰੋਇਨ ਸਪਲਾਈ ਕਰਨ ਲਈ ਜਾਂਦੇ ਹਨ। ਟੀਮ ਨੇ ਕਾਰਵਾਈ ਕਰਦੇ ਹੋਏ ਪਿੰਡ ਲੋਹਾਰਾ ਰੇਰੂ ਸਾਹਿਬ ਰੋਡ ‘ਤੇ ਪਾਰਕ ਨੇੜਿਓਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ।
ਜਦੋਂ ਮੁਲਜ਼ਮ ਦੇ ਸਾਮਾਨ ਦੀ ਮੌਕੇ ’ਤੇ ਤਲਾਸ਼ੀ ਲਈ ਗਈ ਤਾਂ ਉਸ ਦੇ ਬੈਗ ’ਚੋਂ 2 ਕਿਲੋ 650 ਗ੍ਰਾਮ ਹੈਰੋਇਨ, ਇਕ ਡੰਡਾ, ਪਲਾਸਟਿਕ ਦੇ ਲਿਫਾਫੇ ਬਰਾਮਦ ਹੋਏ। ਮੁਲਜ਼ਮ ਨੇ ਦੱਸਿਆ ਕਿ ਉਹ ਨਸ਼ੇ ਦਾ ਤਸਕਰ ਹੈ। ਸਰਹੱਦੀ ਇਲਾਕਿਆਂ ਤੋਂ ਉਹ ਕਿਸੇ ਵੀ ਵਿਅਕਤੀ ਤੋਂ ਹੈਰੋਇਨ ਲਿਆ ਕੇ ਵੱਖ-ਵੱਖ ਇਲਾਕਿਆਂ ਵਿੱਚ ਵੇਚਦਾ ਸੀ।