ਪੰਜਾਬ ‘ਚ ਸਖ਼ਤ ਹੋਏ ਟ੍ਰੈਫਿਕ ਰੂਲ, ਜੁਰਮਾਨੇ ਨਾਲ ਰੱਦ ਹੋਵੇਗਾ ਲਾਇਸੈਂਸ

ਲੁਧਿਆਣਾ, 24 ਅਕਤੂਬਰ 2024 – ਲੁਧਿਆਣਾ ’ਚ ਰਫ਼ਤਾਰ ਨਾਲ ਚਲਾ ਰਹੇ ਵਾਹਨਾਂ ’ਤੇ ਨਕੇਲ ਕੱਸਣ ਲਈ ਟ੍ਰੈਫਿਕ ਪੁਲਸ ਨੇ ਹੁਣ ਚਲਾਨਾਂ ਦੀ ਗਿਣਤੀ ਵਧਾ ਦਿੱਤੀ ਹੈ। ਟ੍ਰੈਫਿਕ ਪੁਲਸ ਵੱਲੋਂ ਓਵਰਸਪੀਡ ਵਾਹਨ ਚਲਾਉਣ ਵਾਲੇ ਚਾਲਕਾਂ ਦੇ ਰੋਜ਼ਾਨਾ ਔਸਤਨ 30 ਤੋਂ 35 ਚਲਾਨ ਕੀਤੇ ਜਾ ਰਹੇ ਹਨ ਜਦਕਿ ਬੀਤੇ ਸਾਲ ਇਹ ਗਿਣਤੀ ਬੇਹੱਦ ਘੱਟ ਸੀ। ਇਸ ਸਮੇਂ ਟ੍ਰੈਫਿਕ ਪੁਲਸ ਕੋਲ ਕੁੱਲ 3 ਸਪੀਡ ਰਾਡਾਰ ਹਨ, ਜਿਨ੍ਹਾਂ ਨੂੰ ਫਿਰੋਜ਼ਪੁਰ ਰੋਡ, ਦਿੱਲੀ ਰੋਡ ਅਤੇ ਜਲੰਧਰ ਰੋਡ ’ਤੇ ਤਾਇਨਾਤ ਕੀਤਾ ਗਿਆ ਹੈ। ਸਪੀਡ ਰਾਡਾਰ ’ਤੇ ਨਿਯੁਕਤ ਟੀਮਾਂ ਨੂੰ ਵੀ ਵਾਰੀ-ਵਾਰੀ ਹਰ ਮਹੀਨੇ ਬਦਲ ਦਿੱਤਾ ਜਾਂਦਾ ਹੈ।

ਪੁਲਸ ਵਿਭਾਗ ਦੇ ਸਾਰੇ ਯਤਨਾਂ ਦੇ ਬਾਵਜੂਦ ਲੋਕ ਓਵਰਸਪੀਡ ਦਾ ਮੋਹ ਨਹੀਂ ਤਿਆਗ ਰਹੇ। ਹੁਣ ਟ੍ਰੈਫਿਕ ਪੁਲਸ ਨੇ ਇਸ ਦਾ ਇਕ ਹੱਲ ਕੱਢਿਆ ਹੈ। ਵਿਸ਼ੇਸ਼ ਨਾਕਾਬੰਦੀ ਦੌਰਾਨ ਜਿਨ੍ਹਾਂ ਵਾਹਨ ਚਾਲਕਾਂ ਦੀ ਸਪੀਡ ਤੈਅ ਸਪੀਡ ਤੋਂ ਡੇਢ ਜਾਂ ਦੁੱਗਣੀ ਹੋਵੇਗੀ ਤਾਂ ਉਸ ਦਾ ਓਵਰਸਪੀਡ ਦੇ ਚਲਾਨ ਦੇ ਨਾਲ-ਨਾਲ ਖ਼ਤਰਨਾਕ ਡਰਾਈਵਿੰਗ ਦੇ ਦੋਸ਼ ’ਚ ਵੀ ਚਲਾਨ ਕੀਤਾ ਜਾਵੇਗਾ।

ਏ. ਡੀ. ਜੀ. ਪੀ. ਟ੍ਰੈਫਿਕ ਅਮਰਦੀਪ ਸਿੰਘ ਰਾਏ ਵੀ ਆਪਣੇ ਸਖ਼ਤ ਇਰਾਦੇ ਜ਼ਾਹਿਰ ਕਰ ਚੁੱਕੇ ਹਨ ਕਿ ਆਉਣ ਵਾਲੇ ਸਮੇਂ ’ਚ ਓਵਰਸਪੀਡ ਅਤੇ ਡ੍ਰੰਕਨ ਡਰਾਈਵਿੰਗ ’ਤੇ ਨਕੇਲ ਕੱਸਣ ਲਈ ਖਾਸ ਤੌਰ ’ਤੇ ਨਾਕਾਬੰਦੀ ਕੀਤੀ ਜਾਵੇਗੀ ਅਤੇ ਅਜਿਹੇ ਚਾਲਕ ਬਖਸ਼ੇ ਨਹੀਂ ਜਾਣਗੇ, ਜਿਸ ਕਾਰਨ ਟ੍ਰੈਫਿਕ ਪੁਲਸ ਹੁਣ ਪੂਰੀ ਤਰ੍ਹਾਂ ਮੁਸਤੈਦ ਹੋ ਗਈ ਹੈ। ਜਿਸ ਦੇ ਚੱਲਦੇ ਹੁਣ ਓਵਰਸਪੀਡ ਵਾਹਨਾਂ ’ਤੇ ਕਾਬੂ ਪਾਉਣ ਲਈ ਯਤਨ ਸ਼ੁਰੂ ਕਰ ਦਿੱਤੇ ਗਏ ਹਨ।

ਟ੍ਰੈਫਿਕ ਪੁਲਸ ਕੋਲ ਉਪਲੱਬਧ ਸਪੀਡ ਰਾਡਾਰ ਅੱਧਾ ਕਿਲੋਮੀਟਰ ਤੋਂ ਵੀ ਵੱਧ ਦੂਰੀ ਤੋਂ ਵਾਹਨ ਦੀ ਗਤੀ ਦੀ ਜਾਂਚ ਕਰਨ ਦੇ ਸਮਰੱਥ ਹੈ ਅਤੇ ਵਾਹਨ ਦੀ ਸਪੀਡ ਦੇ ਨਾਲ ਫੋਟੋ ਕੰਪਿਊਟਰ ਸਕ੍ਰੀਨ ’ਤੇ ਨਜ਼ਰ ਆ ਜਾਂਦੀ ਹੈ, ਜਿਸ ਤੋਂ ਚਾਲਕ ਇਨਕਾਰ ਨਹੀਂ ਕਰ ਸਕਦਾ ਕਿ ਉਸ ਦੀ ਸਪੀਡ ਘੱਟ ਸੀ। ਬੀਤੇ ਕੁਝ ਸਮੇਂ ’ਚ ਟ੍ਰੈਫਿਕ ਪੁਲਸ ਦੀਆਂ ਟੀਮਾਂ ਨੇ ਅਜਿਹੇ ਵਾਹਨ ਚਾਲਕਾਂ ਨੂੰ ਵੀ ਕਾਬੂ ਕੀਤਾ ਹੈ, ਜੋ ਤੈਅ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੀ ਸੜਕ ’ਤੇ 150 ਦੀ ਸਪੀਡ ‘ਤੇ ਵਾਹਨ ਚਲਾ ਕੇ ਆਪਣੀ ਅਤੇ ਹੋਰਨਾਂ ਦੀ ਜਾਨ ਨੂੰ ਖ਼ਤਰੇ ’ਚ ਪਾ ਰਹੇ ਸਨ।

ਓਵਰਸਪੀਡ ਦਾ ਪਹਿਲੀ ਵਾਰ ਚਲਾਨ ਹੋਣ ’ਤੇ ਇਕ ਹਜ਼ਾਰ ਰੁਪਏ ਜੁਰਮਾਨਾ ਅਤੇ ਦੂਜੀ ਵਾਰ ਚਲਾਨ ਹੋਣ ’ਤੇ 2 ਹਜ਼ਾਰ ਰੁਪਏ ਜੁਰਮਾਨਾ ਤੈਅ ਕੀਤਾ ਗਿਆ ਹੈ। ਇਸ ਦੇ ਨਾਲ ਹੀ ਚਲਾਨ ਹੋਣ ’ਤੇ 3 ਮਹੀਨੇ ਲਈ ਡਰਾਈਵਿੰਗ ਲਾਇਸੈਂਸ ਸਸਪੈਂਡ ਕਰਨ ਦੇ ਨਾਲ ਕਮਿਊਨਿਟੀ ਸੇਵਾ ਦੀ ਵੀ ਵਿਵਸਥਾ ਕੀਤੀ ਗਈ ਹੈ, ਜਿਸ ਵਿਚ ਨਿਯਮ ਤੋੜਨ ਵਾਲੇ ਚਾਲਕ ਦਾ ਟ੍ਰਾਂਸਪੋਰਟ ਵਿਭਾਗ ਤੋਂ ਰਿਫ੍ਰੈਸ਼ਰ ਕੋਰਸ ਕਰਕੇ ਉਸ ਦੀ ਟ੍ਰੇਨਿੰਗ ਕਿਸੇ ਸਕੂਲ ਵਿਚ ਵਿਦਿਆਰਥੀਆਂ ਨੂੰ ਦੇਣ ਜਾਂ ਨੇੜੇ ਦੇ ਕਿਸੇ ਹਸਪਤਾਲ ’ਚ 2 ਘੰਟੇ ਦੀ ਸਮਾਜਸੇਵਾ ਕਰਨ ਜਾਂ ਫਿਰ ਇਕ ਯੂਨਿਟ ਖੂਨ ਦਾਨ ਦੇਣ ਦਾ ਬਦਲ ਹੈ। ਟ੍ਰਾਂਸਪੋਰਟ ਵਿਭਾਗ ਇਸ ਸਾਲ ਅਜਿਹੇ 1100 ਵਿਅਕਤੀਆਂ ਦੇ ਡਰਾਈਵਿੰਗ ਲਾਇਸੈਂਸ ਸਸਪੈਂਡ ਕਰ ਚੁੱਕਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਲਮਾਨ ਤੋਂ 5 ਕਰੋੜ ਦੀ ਫਿਰੌਤੀ ਮੰਗਣ ਦਾ ਮਾਮਲਾ: ਸਬਜ਼ੀ ਵੇਚਣ ਵਾਲੇ ਨੇ ਮੰਗੀ ਸੀ ਫਿਰੌਤੀ

ਔਰਤਾਂ ਨੇ ਪੁਲਿਸ ਟੀਮ ’ਤੇ ਕੀਤਾ ਹਮਲਾ, ਮਾਮਲਾ ਦਰਜ