ਫਾਜ਼ਿਲਕਾ, 22 ਅਕਤੂਬਰ 2025 – ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਵੰਦਨਾ ਕੰਬੋਜ ਨੇ ਕਿਹਾ ਕਿ ਬਾਹਰਲੇ ਸੂਬਿਆਂ ਤੋਂ ਝੋਨੇ ਦੀ ਫ਼ਸਲ ਲਿਆ ਕੇ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ਵਿੱਚ ਵੇਚਣਾ ਗੈਰ ਕਾਨੂੰਨੀ ਹੈ ਅਤੇ ਜਿਲੇ ਨਾਲ ਲੱਗਦੇ ਗੁਆਂਡੀ ਰਾਜ ਤੇ ਨਾਕੇ ਲਗਾ ਕੇ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹੋਰਨਾਂ ਰਾਜਾਂ ਤੋਂ ਆਉਣ ਵਾਲੀ ਫ਼ਸਲ ਨੂੰ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਵਿਕਣ ਨਹੀਂ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਖਤ ਹਦਾਇਤਾਂ ਹਨ ਕਿ ਬਾਹਰੀ ਸੂਬੇ ਦੀ ਫ਼ਸਲ ਪੰਜਾਬ ਦੀਆਂ ਮੰਡੀਆਂ ਵਿੱਚ ਨਹੀਂ ਆਉਣੀ ਚਾਹੀਦੀ। ਇਸੇ ਤਹਿਤ ਇੰਟਰਸਟੇਟ ਬੈਰੀਅਰ ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਦੀ ਇੰਨਬਿੰਨ ਪਾਲਣਾ ਕੀਤੀ ਜਾ ਰਹੀ ਹੈ ਅਤੇ ਬਾਹਰਲਿਆਂ ਸੂਬਿਆਂ ਤੋਂ ਆਉਣ ਵਾਲੀ ਫ਼ਸਲ ਨੂੰ ਫੜਨ ਲਈ ਟੀਮਾਂ ਦੀ ਤਾਇਨਾਤੀ ਕੀਤੀ ਗਈ ਹੈ|
ਉਨ੍ਹਾਂ ਕਿਹਾ ਕਿ ਇਸ ਕਾਲਾ ਬਜ਼ਾਰੀ ਨੂੰ ਰੋਕਣ ਲਈ ਇਕ ਪਲਾਨਿੰਗ ਤਹਿਤ ਹਰ ਇਕ ਐਂਟਰੀ ਪੁਆਇੰਟ ਤੇ ਬਾਹਰਲੇ ਰਾਜਾਂ ਤੋਂ ਆਉਣ ਵਾਲੀ ਫ਼ਸਲ ਨੂੰ ਰੋਕਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ|

ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਦੇ ਮਦੇਨਜਰ ਸਮੂਹ ਜ਼ਿਲ੍ਹਾ ਮੰਡੀ ਅਧਿਕਾਰੀਆਂ ਅਤੇ ਮਾਰਕੀਟ ਕਮੇਟੀ ਦੇ ਸਕੱਤਰਾਂ ਨੂੰ ਮੰਡੀਆਂ ਵਿੱਚ ਹੋਰਨਾਂ ਸੂਬਿਆਂ ਤੋਂ ਝੋਨੇ ਦੀ ਆਮਦ ’ਤੇ ਤਿੱਖੀ ਨਜ਼ਰ ਰੱਖਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਰਾਜਸਥਾਨ ਦੀ ਸਰਹੱਦ ਨਾਲ ਲੱਗਦੀਆਂ ਮੰਡੀਆਂ ਵਿੱਚ ਬਾਹਰੋਂ ਵੱਡੀ ਮਾਤਰਾ ਵਿੱਚ ਫ਼ਸਲ ਆਉਣ ਦੇ ਖ਼ਦਸ਼ੇ ਕਾਰਨ ਨਜਰਸਾਨੀ ਬਣਾਈ ਰੱਖਣ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਗੁਆਂਢੀ ਸੂਬੇ ਨਾਲ ਲਗਦੀਆਂ ਹੱਦਾਂ ’ਤੇ ਵਿਸ਼ੇਸ਼ ਅੰਤਰਰਾਜੀ ਸਰਹੱਦੀ ਚੌਕੀਆਂ ਸਥਾਪਿਤ ਕੀਤੀਆਂ ਗਈਆਂ ਹਨ |
