ਜਲੰਧਰ, 19 ਜਨਵਰੀ 2023 – ਐਮਰਜੈਂਸੀ ਐਂਬੂਲੈਂਸ 108 ਦੇ ਮੁਲਾਜ਼ਮਾਂ ਦੀ ਹੜਤਾਲ ਸੱਤਵੇਂ ਦਿਨ ਵੀ ਜਾਰੀ ਰਹੀ। ਇਹ ਹੜਤਾਲ ਬੁੱਧਵਾਰ ਦੇਰ ਸ਼ਾਮ ਨੂੰ ਮੰਤਰੀਆਂ ਵੱਲੋਂ ਬਣਾਈ ਕਮੇਟੀ ਨਾਲ ਯੂਨੀਅਨ ਆਗੂਆਂ ਦੀ ਮੀਟਿੰਗ ਤੋਂ ਬਾਅਦ ਸਮਾਪਤ ਹੋ ਗਈ। ਅੱਜ ਵੀਰਵਾਰ ਤੋਂ 108 ਐਂਬੂਲੈਂਸਾਂ ਫਿਰ ਸੜਕਾਂ ‘ਤੇ ਦੌੜਨਗੀਆਂ।
ਹਾਲਾਂਕਿ ਸੱਤਵੇਂ ਦਿਨ ਵੀ ਐਂਬੂਲੈਂਸ ਸੇਵਾਵਾਂ ਨਾ ਮਿਲਣ ਕਾਰਨ ਲੋਕ ਪ੍ਰੇਸ਼ਾਨ ਰਹੇ। ਐਮਰਜੈਂਸੀ ਐਂਬੂਲੈਂਸ 108 ਦੀ ਹੜਤਾਲ ਕਾਰਨ ਪਿਛਲੇ ਸੱਤ ਦਿਨਾਂ ਵਿੱਚ 1200 ਦੇ ਕਰੀਬ ਸਥਾਨਕ ਮਰੀਜ਼ ਅਤੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਜਾਣ ਵਾਲੇ 30 ਮਰੀਜ਼ ਮੁਫ਼ਤ ਐਂਬੂਲੈਂਸ ਸੇਵਾਵਾਂ ਤੋਂ ਵਾਂਝੇ ਰਹੇ। 108 ਐਂਬੂਲੈਂਸ ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਨਿੱਝਰ ਨੇ ਦੱਸਿਆ ਕਿ ਮੰਤਰੀਆਂ ਦੀ ਕਮੇਟੀ ਨਾਲ ਮੀਟਿੰਗ ਦੇਰ ਰਾਤ ਤੱਕ ਚੱਲੀ।
ਮੀਟਿੰਗ ਦੌਰਾਨ ਕਮੇਟੀ ਨੇ ਬਰਖ਼ਾਸਤ ਮੁਲਾਜ਼ਮਾਂ ਨੂੰ ਬਹਾਲ ਕਰਨ ਅਤੇ ਤਨਖ਼ਾਹ ਵਿੱਚ ਵਾਧੇ ਦੀ ਮੰਗ ਸਮੇਤ ਹੋਰ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ। ਕਮੇਟੀ ਤੋਂ ਬਾਅਦ ਐਸੋਸੀਏਸ਼ਨ ਨੇ ਹੜਤਾਲ ਖਤਮ ਕਰਨ ਦਾ ਫੈਸਲਾ ਕੀਤਾ ਹੈ ਅਤੇ ਸਾਰੇ ਕਰਮਚਾਰੀ ਅੱਜ ਵੀਰਵਾਰ ਤੋਂ ਡਿਊਟੀ ‘ਤੇ ਪਰਤਣਗੇ।