ਸੰਗਰੂਰ, 30 ਜਨਵਰੀ, 2024:ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ ਦੇ ਪਿੰਡ ਘਾਬਦਾਂ ‘ਚ ਮੈਰੀਟੋਰੀਅਸ ਸਕੂਲ ਘਾਬਦਾਂ ਦੇ ਬਾਰਵੀਂ ਜਮਾਤ ਵਿੱਚ ਪੜ੍ਹਦੇ ਇੱਕ ਵਿਦਿਆਰਥੀ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਏ ਜਾਣ ਦੀ ਮੰਦਭਾਗੀ ਖ਼ਬਰ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਨੇੜਲੇ ਭਵਾਨੀਗੜ੍ਹ-ਸੰਗਰੂਰ ਰੋਡ ‘ਤੇ ਸਥਿਤ ਪਿੰਡ ਘਾਬਦਾਂ ਵਿਖੇ ਸਥਿਤ ਮੈਰੀਟੋਰੀਅਸ ਸਕੂਲ ‘ਚ 12ਵੀਂ ਜਮਾਤ ਵਿੱਚ ਪੜ੍ਹਦੇ ਇੱਕ ਨੌਜਵਾਨ ਵੱਲੋਂ ਹੋਸਟਲ ਦੇ ਕਮਰੇ ਦੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਮੂਣਕ ਇਲਾਕੇ ਦੇ ਪਿੰਡ ਬੱਲਰਾਂ ਦੇ ਕਰਨ ਉਮਰ 17 ਸਾਲ ਦੇ ਰੂਪ ‘ਚ ਹੋਈ ਹੈ ਜੋਕਿ ਇਸ ਸਕੂਲ ਵਿੱਚ ਕਾਮਰਸ ਦੀ ਪੜ੍ਹਾਈ ਕਰ ਰਿਹਾ ਸੀ। ਇਹ ਘਟਨਾ ਸ਼ਾਮ ਲਗਭਗ 6 ਵਜੇ ਦੀ ਦੱਸੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਸੰਗਰੂਰ ਦੇ ਡੀ.ਐੱਸ.ਪੀ. ਮਨੋਜ ਗੋਰਸੀ ਤੇ ਤਹਿਸੀਲਦਾਰ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਸ਼ਾਸਨ ਵੱਲੋਂ ਵਿਦਿਆਰਥੀ ਦੀ ਲਾਸ਼ ਨੂੰ ਸਿਵਲ ਹਸਪਤਾਲ ਸੰਗਰੂਰ ਵਿਖੇ ਮੋਰਚਰੀ ‘ਚ ਰਖਵਾ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ਉਪਰੰਤ ਸਕੂਲ ਪਹੁੰਚੇ ਵਿਦਿਆਰਥੀ ਦੇ ਪਿਤਾ ਸੁਰੇਸ਼ ਸਿੰਘ ਤੇ ਉਸਦੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਮ੍ਰਿਤਕ ਵਿਦਿਆਰਥੀ ਦੇ ਪਿਤਾ ਨੇ ਸਕੂਲ ਪ੍ਰਸ਼ਾਸਨ ਤੇ ਲਾਏ ਗੰਭੀਰ ਦੋਸ਼
ਮ੍ਰਿਤਕ ਵਿਦਿਆਰਥੀ ਦੇ ਪਿਤਾ ਸੁਰੇਸ਼ ਨੇ ਦੋਸ਼ ਲਗਾਉਂਦੇ ਹੋਏ ਘਟਨਾ ਸਬੰਧੀ ਕਰਨ ਦੀ ਅਧਿਆਪਕਾ ਤੇ ਸਕੂਲ ਪ੍ਰਸ਼ਾਸਨ ਨੂੰ ਉਸ ਦੇ ਬੱਚੇ ਦੀ ਮੌਤ ਦਾ ਜਿੰਮੇਵਾਰ ਠਹਿਰਾਉਂਦਿਆ ਮੌਤ ਦੇ ਅਸਲ ਕਾਰਨਾਂ ਨੂੰ ਸਾਹਮਣੇ ਲਿਆ ਕੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਸੁਰੇਸ਼ ਸਿੰਘ ਅਨੁਸਾਰ ਕਰਨ ਦੀ ਕਲਾਸ ਟੀਚਰ ਨੇ ਕਥਿਤ ਰੂਪ ਵਿੱਚ ਉਸਨੂੰ ਫੋਨ ‘ਤੇ ਕਰਨ ਵੱਲੋਂ ਠੀਕ ਢੰਗ ਨਾਲ ਪੜ੍ਹਾਈ ਨਾ ਕਰਨ ਦੀ ਸ਼ਿਕਾਇਤ ਕੀਤੀ ਸੀ ਤੇ ਉਸ ਨੂੰ ਸਕੂਲ ‘ਚੋਂ ਕੱਢਣ ਦੀ ਕਥਿਤ ਧਮਕੀ ਦਿੱਤੀ ਸੀ ਤੇ ਇਸ ਦੇ ਦੋ ਘੰਟੇ ਬਾਅਦ ਹੀ ਦੁਬਾਰਾ ਉਸ ਨੂੰ ਸਕੂਲ ‘ਚੋਂ ਫੋਨ ਕਰਕੇ ਦੱਸਿਆ ਗਿਆ ਕਿ ਤੁਹਾਡੇ ਬੱਚੇ ਵੱਲੋਂ ਆਤਮਹੱਤਿਆ ਕਰ ਲਈ ਗਈ ਹੈ। ਇਹ ਸੁਣ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਦੇਰ ਰਾਤ ਸਕੂਲ ‘ਚ ਮੌਜੂਦ ਮ੍ਰਿਤਕ ਵਿਦਿਆਰਥੀ ਦੇ ਮਾਪਿਆਂ ਦਾ ਸਵਾਲ ਸੀ ਕਿ ਉਨ੍ਹਾਂ ਦੇ ਬੱਚੇ ਦੀ ਲਾਸ਼ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਪੋਸਟਮਾਰਟਮ ਦੇ ਲਈ ਹਸਪਤਾਲ ਕਿਉਂ ਭੇਜੀ ਗਈ ਤੇ ਕਰਨ ਦੇ ਅਧਿਆਪਕ ਨੂੰ ਵੀ ਸਾਹਮਣੇ ਕਿਉਂ ਨਹੀਂ ਲਿਆਂਦਾ ਜਾ ਰਿਹਾ। ਮਾਪਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਬੱਚੇ ਦੀ ਮੌਤ ਦੇ ਮਾਮਲੇ ਸਬੰਧੀ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਮੰਗਲਵਾਰ ਸਵੇਰੇ ਸਕੂਲ ਦੇ ਗੇਟ ਅੱਗੇ ਧਰਨਾ ਦਿੱਤਾ ਜਾਵੇਗਾ। ਓਧਰ, ਡੀ.ਐੱਸ.ਪੀ. ਮਨੋਜ ਗੋਰਸੀ ਨੇ ਆਖਿਆ ਕਿ ਮਾਮਲੇ ਸਬੰਧੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਪਹਿਲਾਂ ਵੀ ਸੁਰਖੀਆਂ ‘ਚ ਆਇਆ ਸੀ ਮੈਰੀਟੋਰੀਅਸ ਸਕੂਲ ਘਾਬਦਾਂ ਸਕੂਲ
ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਇਹ ਮੈਰੀਟੋਰੀਅਸ ਸਕੂਲ 2 ਦਸੰਬਰ ਨੂੰ ਉਦੋਂ ਸੁਰਖੀਆਂ ਵਿੱਚ ਆਇਆ ਸੀ। ਜਦੋਂ ਸਕੂਲ ‘ਚ ਜ਼ਹਿਰੀਲਾ ਖਾਣਾ ਖਾਣ ਕਾਰਨ ਸੈਂਕੜੇ ਬੱਚੇ ਬਿਮਾਰ ਹੋ ਗਏ ਸਨ। ਉਦੋਂ ਇਹ ਘਟੀਆ ਖਾਣਾ ਖਾਣ ਨਾਲ 60 ਦੇ ਕਰੀਬ ਬੱਚਿਆਂ ਦੀ ਹਾਲਤ ਵਿਗੜ ਗਈ ਸੀ। ਬੱਚਿਆਂ ਦੇ ਮਾਪਿਆਂ ਨੇ ਸਕੂਲ ਪ੍ਰਸ਼ਾਸਨ ‘ਤੇ ਘਟੀਆ ਖਾਣਾ ਵਰਤਾਉਣ ਦੇ ਇਲਜ਼ਾਮ ਲਾਏ ਸਨ, ਜਿਸ ਤੋਂ ਬਾਅਦ ਮਾਮਲੇ ਵਿੱਚ ਲੰਬੀ ਜਾਂਚ ਤੋਂ ਪਿੱਛੋਂ ਮੁਲਜ਼ਮਾਂ ਨੂੰ ਸਸਪੈਂਡ ਵੀ ਕੀਤਾ ਗਿਆ ਸੀ।