ਦੱਖਣ ‘ਚ ਹੋਵੇਗਾ ਪੰਜਾਬੀ ਬੋਲੀ ਦਾ ਪਸਾਰਾ: ਆਂਧਰਾ ਪ੍ਰਦੇਸ਼ ਦੇ ਵਿਦਿਆਰਥੀ ਸਿੱਖਣਗੇ ਪੰਜਾਬੀ ਭਾਸ਼ਾ

  • ਭਾਸ਼ਾਈ ਵਿਭਿੰਨਤਾ ਤੇ ਸੱਭਿਆਚਾਰਕ ਏਕਤਾ ਨੂੰ ਪ੍ਰਫੁੱਲਤ ਕਰਨ ਵਿੱਚ ਪੰਜਾਬ ਕਰੇਗਾ ਦੇਸ਼ ਦੀ ਅਗਵਾਈ: ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 25 ਮਈ 2025 – ਪੰਜਾਬ ਅਤੇ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿ ਆਂਧਰਾ ਪ੍ਰਦੇਸ਼ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੁਣ ਸੱਭਿਆਚਾਰਕ ਆਦਾਨ-ਪ੍ਰਦਾਨ, ਭਾਸ਼ਾਈ ਵਿਭਿੰਨਤਾ ਅਤੇ ਰਾਸ਼ਟਰੀ ਏਕਤਾ ਨੂੰ ਉਤਸ਼ਾਹਿਤ ਕਰਨ ਲਈ ਉਲੀਕੇ 5-ਰੋਜ਼ਾ ਪ੍ਰੋਗਰਾਮ ਤਹਿਤ ਪੰਜਾਬੀ ਭਾਸ਼ਾ ਸਿੱਖਣਗੇ। ਇਹ ਜਾਣਕਾਰੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ।

ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਕੇਂਦਰੀ ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਅਤੇ ਆਂਧਰਾ ਪ੍ਰਦੇਸ਼ ਨੂੰ ਇਸ ਪ੍ਰੋਗਰਾਮ ਅਧੀਨ ਇੱਕ ਗਰੁੱਪ ਵਿੱਚ ਰੱਖਿਆ ਗਿਆ ਹੈ। ਇਸ ਐਕਸਚੇਂਜ ਪ੍ਰੋਗਰਾਮ ਦੇ ਹਿੱਸੇ ਵਜੋਂ, ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਤੇਲਗੂ ਦੀ ਮੁੱਢਲੀ ਜਾਣਕਾਰੀ ਦਿੱਤੀ ਜਾਵੇਗੀ, ਜਦਕਿ ਆਂਧਰਾ ਪ੍ਰਦੇਸ਼ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਪੰਜਾਬੀ ਸਿੱਖਣਗੇ।

ਉਨ੍ਹਾਂ ਦੱਸਿਆ ਕਿ ਇਸ ਪੈਨ-ਇੰਡੀਆ ਪਹਿਲਕਦਮੀ ਵਿੱਚ ਵੱਖ-ਵੱਖ ਰਾਜਾਂ ਦੇ ਗਰੁੱਪ ਬਣਾਏ ਗਏ ਹਨ, ਜਿਸ ਵਿੱਚ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਤਾਮਿਲਨਾਡੂ ਨਾਲ, ਹਿਮਾਚਲ ਪ੍ਰਦੇਸ਼ ਨੂੰ ਕੇਰਲਾ ਨਾਲ, ਉੱਤਰਾਖੰਡ ਨੂੰ ਕਰਨਾਟਕਾ ਨਾਲ, ਹਰਿਆਣਾ ਨੂੰ ਤੇਲੰਗਾਨਾ ਨਾਲ, ਰਾਜਸਥਾਨ ਨੂੰ ਅਸਾਮ ਨਾਲ, ਗੁਜਰਾਤ ਨੂੰ ਛੱਤੀਸਗੜ੍ਹ ਨਾਲ, ਮਹਾਰਾਸ਼ਟਰ ਨੂੰ ਓਡੀਸ਼ਾ ਨਾਲ, ਗੋਆ ਨੂੰ ਝਾਰਖੰਡ ਨਾਲ, ਦਿੱਲੀ ਨੂੰ ਸਿੱਕਿਮ ਨਾਲ, ਮੱਧ ਪ੍ਰਦੇਸ਼ ਨੂੰ ਮਨੀਪੁਰ ਅਤੇ ਨਾਗਾਲੈਂਡ ਨਾਲ, ਯੂ.ਪੀ. ਨੂੰ ਅਰੁਣਾਚਲ ਪ੍ਰਦੇਸ਼ ਅਤੇ ਮੇਘਾਲਿਆ ਨਾਲ ਅਤੇ ਬਿਹਾਰ ਨੂੰ ਤ੍ਰਿਪੁਰਾ ਅਤੇ ਮਿਜ਼ੋਰਮ ਨਾਲ ਰੱਖਿਆ ਗਿਆ ਹੈ, ਜੋ ਇਸ ਪ੍ਰੋਗਰਾਮ ਦੀ ਵਿਆਪਕ ਪਹੁੰਚ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਦੀ ਸੰਭਾਵਨਾ ਨੂੰ ਦਰਸਾਉਂਦਾ ਹੈ।

ਸਿੱਖਿਆ ਮੰਤਰੀ ਨੇ ਕਿਹਾ ਕਿ ਇਸ ਸਮਰ ਕੈਂਪ ਦਾ ਉਦੇਸ਼ ਵਿਦਿਆਰਥੀਆਂ ਨੂੰ ਇੱਕ ਹੋਰ ਭਾਰਤੀ ਭਾਸ਼ਾ ਸਿੱਖਣ ਲਈ ਉਤਸ਼ਾਹਿਤ ਕਰਕੇ ਬਹੁ-ਭਾਸ਼ਾਵਾਦ ਅਤੇ ਸੱਭਿਆਚਾਰਕ ਸਾਂਝ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਨੇ ਖੇਤਰੀ ਭਾਸ਼ਾਵਾਂ ਅਤੇ ਸੱਭਿਆਚਾਰਾਂ ਨੂੰ ਸੁਰੱਖਿਅਤ ਰੱਖਣ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ।

ਹਰਜੋਤ ਸਿੰਘ ਬੈਂਸ ਨੇ ਜ਼ੋਰ ਦੇ ਕੇ ਕਿਹਾ ਕਿ ਮਾਤ ਭਾਸ਼ਾ ਅਤੇ ਸੂਬੇ ਦੀ ਸਰਕਾਰੀ ਭਾਸ਼ਾ ਹੋਣ ਨਾਤੇ ਪੰਜਾਬੀ ਦੀ ਮਹੱਤਤਾ ਨੂੰ ਕਿਸੇ ਪੱਖੋਂ ਵੀ ਘਟਾਇਆ ਨਹੀਂ ਜਾਵੇਗਾ। ਸਿੱਖਿਆ ਮੰਤਰੀ ਨੇ ਉਨ੍ਹਾਂ ਲੋਕਾਂ ਦੀ ਸਖ਼ਤ ਆਲੋਚਨਾ ਕੀਤੀ ਜੋ ਸਿਰਫ ਰਾਜਨੀਤੀ ਕਰਨ ਲਈ ਇਸ ਸਮਰ ਕੈਂਪ ਦਾ ਵਿਰੋਧ ਕਰ ਰਹੇ ਹਨ।

ਹਰਜੋਤ ਸਿੰਘ ਬੈਂਸ ਨੇ ਇਸ ਪ੍ਰੋਗਰਾਮ ਦੀ ਆਲੋਚਨਾ ਕਰਨ ਵਾਲਿਆਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਕਿਸੇ ਵੀ ਮੁੱਦੇ ਨੂੰ ਪੂਰੀ ਤਰ੍ਹਾਂ ਸਮਝਣ ਬਗੈਰ ਹੀ ਸੁਰਖੀਆਂ ਬਟੋਰਨ ਲਈ ਮੀਡੀਆ ਤੱਕ ਜਾ ਪਹੁੰਚਦੇ ਹਨ। ਸ. ਬੈਂਸ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੀ.ਬੀ.ਐਸ.ਈ. ਦੀ ਖੇਤਰੀ ਭਾਸ਼ਾਵਾਂ ਨੂੰ ਹਾਸ਼ੀਏ ’ਤੇ ਧੱਕਣ ਦੀ ਕੋਸ਼ਿਸ਼ ਦੇ ਡੱਟਵਾਂ ਵਿਰੋਧ ਵਜੋਂ ਚੁੱਕੇ ਦਲੇਰਾਨਾ ਕਦਮ ਦੀ ਯਾਦ ਦਿਵਾਈ। ਜ਼ਿਕਰਯੋਗ ਹੈ ਕਿ ਪੰਜਾਬ ਨੇ ਸਾਰੇ ਸਕੂਲਾਂ, ਭਾਵੇਂ ਉਹ ਕਿਸੇ ਵੀ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਹੋਣ, ਵਿੱਚ ਪੰਜਾਬੀ ਨੂੰ ਲਾਜ਼ਮੀ ਵਿਸ਼ਾ ਬਣਾ ਕੇ ਇੱਕ ਮੋਹਰੀ ਕਦਮ ਚੁੱਕਿਆ ਸੀ।

ਉਨ੍ਹਾਂ ਇਹ ਵੀ ਕਿਹਾ ਕਿ ਸਮਰ ਕੈਂਪ ਦਾ ਉਦੇਸ਼ ਵਿਦਿਆਰਥੀਆਂ ਨੂੰ ਇੱਕ ਵਾਧੂ ਭਾਰਤੀ ਭਾਸ਼ਾ ਸਿੱਖਣ ਲਈ ਉਤਸ਼ਾਹਿਤ ਕਰਕੇ ਬਹੁਭਾਸ਼ਾਵਾਦ ਅਤੇ ਸੱਭਿਆਚਾਰਕ ਏਕਤਾ ਨੂੰ ਉਤਸ਼ਾਹਿਤ ਕਰਨਾ ਹੈ। ਇਹ ਪ੍ਰੋਗਰਾਮ ਬੁਨਿਆਦੀ ਗੱਲਬਾਤ ਦੇ ਹੁਨਰਾਂ ਨੂੰ ਵਿਕਸਤ ਕਰਨ, ਭਾਸ਼ਾਈ ਅਤੇ ਸੱਭਿਆਚਾਰਕ ਸਬੰਧਾਂ ਦੀ ਪੜਚੋਲ ਕਰਨ ਅਤੇ ਹੱਸਦੇ-ਖੇਡਦੇ ਸਿੱਖਣ ਦੇ ਤਜ਼ਰਬਿਆਂ ਰਾਹੀਂ ਕੌਮੀ ਏਕਤਾ ਦੀ ਭਾਵਨਾ ਨੂੰ ਪ੍ਰਫੁੱਲਿਤ ਕਰਨ ’ਤੇ ਕੇਂਦ੍ਰਿਤ ਹੋਵੇਗਾ। ਇਸ ਦੌਰਾਨ ਵਿਦਿਆਰਥੀ ਵਧਾਈ ਦੇਣ, ਭਾਵਨਾਵਾਂ ਦਾ ਪ੍ਰਗਟਾਵਾ ਕਰਨ, ਵਰਨਮਾਲਾ, ਗਿਣਤੀ, ਗੀਤ ਅਤੇ ਆਪਸੀ-ਗੱਲਬਾਤ ਦੇ ਬੁਨਿਆਦੀ ਸਿਧਾਂਤਾਂ ਦੇ ਨਾਲ-ਨਾਲ ਸਥਾਨਕ ਸੱਭਿਆਚਾਰ, ਇਤਿਹਾਸ ਅਤੇ ਰਹੁ-ਰੀਤਾਂ ਦੇ ਵੱਖ ਵੱਖ ਪਹਿਲੂਆਂ ਬਾਰੇ ਬੁਨਿਆਦੀ ਜਾਣਕਾਰੀ ਹਾਸਲ ਕਰਨਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ‘ਚ ਹਨ੍ਹੇਰੀ-ਝੱਖੜ ਨੇ ਮਚਾਈ ਤਬਾਹੀ: ਡਿੱਗੇ ਖੰਭੇ ਤੇ ਦਰੱਖਤ, ਉੱਡੀਆਂ ਘਰਾਂ ਦੀਆਂ ਛੱਤਾਂ

ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਹੀਟਵੇਵ ਅਲਰਟ: 8 ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ