ਕਪੂਰਥਲਾ, 20 ਜੂਨ 2024 – ਕਪੂਰਥਲਾ ‘ਚ ਜਲੰਧਰ ਰੋਡ ‘ਤੇ ਅਰਬਨ ਅਸਟੇਟ ਨੇੜੇ ਦੇਰ ਰਾਤ ਇਕ ਕਾਰ ਡਿਵਾਈਡਰ ਨਾਲ ਟਕਰਾ ਗਈ। ਇਸ ਵਿੱਚ ਸਵਾਰ ਪੁਲਿਸ ਸਬ-ਇੰਸਪੈਕਟਰ ਦੀ ਜਖ਼ਮੀ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਦਾਖ਼ਲ ਕਰਵਾਇਆ ਗਿਆ, ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਮੁੱਢਲੀ ਸਹਾਇਤਾ ਦੇ ਬਾਅਦ ਰੈਫਰ ਕਰ ਦਿੱਤਾ ਗਿਆ ਪਰ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ।
ਸਿਟੀ ਥਾਣਾ-2 ਅਰਬਨ ਅਸਟੇਟ ਦੇ ਐਸਐਚਓ ਮਨਜੀਤ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਸਬ ਇੰਸਪੈਕਟਰ ਜਸਪਾਲ ਸਿੰਘ ਵਾਸੀ ਜਲੰਧਰ ਵਜੋਂ ਹੋਈ ਹੈ। ਉਹ ਫਗਵਾੜਾ ਡਵੀਜ਼ਨ ਦੇ ਸਤਨਾਮਪੁਰਾ ਥਾਣੇ ਵਿੱਚ ਤਾਇਨਾਤ ਸੀ।
ਐਸਐਚਓ ਮਨਜੀਤ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਅਰਬਨ ਅਸਟੇਟ ਨੇੜੇ ਰਾਤ ਸਾਢੇ ਨੌਂ ਵਜੇ ਇੱਕ ਕਾਰ ਡਿਵਾਈਡਰ ਨਾਲ ਟਕਰਾ ਗਈ। ਜਿਸ ਕਾਰਨ ਕਾਰ ਚਾਲਕ ਐਸ.ਆਈ ਜਸਪਾਲ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੀ.ਸੀ.ਆਰ ਟੀਮ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ‘ਚ ਦਾਖਲ ਕਰਵਾਇਆ। ਜਿੱਥੇ ਡਿਊਟੀ ਡਾਕਟਰ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਮੁੱਢਲੀ ਸਹਾਇਤਾ ਦੇ ਬਾਅਦ ਰੈਫਰ ਕਰ ਦਿੱਤਾ। ਪਰ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ।
ਐਸਐਚਓ ਮਨਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਥਾਣਾ ਸਤਨਾਮਪੁਰਾ ਦੇ ਐਸਐਚਓ ਗੌਰਵ ਧੀਰ ਨੇ ਦੱਸਿਆ ਕਿ ਸਬ-ਇੰਸਪੈਕਟਰ ਜਸਪਾਲ ਸਿੰਘ ਕਪੂਰਥਲਾ ਵਿੱਚ ਕਿਸੇ ਸਰਕਾਰੀ ਕੰਮ ਲਈ ਵਕੀਲ ਨੂੰ ਮਿਲਣ ਗਿਆ ਸੀ। ਜਿਸ ਦੌਰਾਨ ਉਸ ਨਾਲ ਹਾਦਸਾ ਵਾਪਰ ਗਿਆ।