- SGPC ਮੁਲਾਜ਼ਮਾਂ ਨੇ ਬਚਾਈ ਜਾਨ, ਪੀੜਤ ਦੀ ਨਹੀਂ ਹੋ ਸਕੀ ਪਛਾਣ
ਅੰਮ੍ਰਿਤਸਰ, 19 ਅਕਤੂਬਰ 2024 – ਅੰਮ੍ਰਿਤਸਰ ਦੇ ਬਾਨੀ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ‘ਤੇ ਹਰਿਮੰਦਰ ਸਾਹਿਬ ਵਿਖੇ ਇਕ ਸ਼ਰਧਾਲੂ ਨੇ ਆਤਮਹੱਤਿਆ ਦੀ ਕੋਸ਼ਿਸ਼ ਕੀਤੀ। ਬਜ਼ੁਰਗ ਸ਼ਰਧਾਲੂ ਨੇ ਸਰੋਵਰ ਵਿੱਚ ਛਾਲ ਮਾਰ ਦਿੱਤੀ। ਜਿਸ ਨੂੰ ਟਾਸਕ ਫੋਰਸ ਅਤੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਬਚਾਇਆ। ਫਿਲਹਾਲ ਬਜ਼ੁਰਗ ਵਿਅਕਤੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪੁੱਜੀਆਂ। ਅਚਾਨਕ ਇੱਕ ਬਜ਼ੁਰਗ ਵਿਅਕਤੀ ਨੇ ਸਰੋਵਰ ਵਿੱਚ ਛਾਲ ਮਾਰ ਦਿੱਤੀ ਤਾਂ ਉੱਥੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਮਿਲੀ ਜਾਣਕਾਰੀ ਅਨੁਸਾਰ ਖ਼ੁਦਕੁਸ਼ੀ ਦੇ ਖ਼ਿਆਲ ਨਾਲ ਬਜ਼ੁਰਗ ਨੇ ਛਾਲ ਮਾਰ ਦਿੱਤੀ ਸੀ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਟਾਸਕ ਫੋਰਸ ਟੀਮ ਨੇ ਮਿਲ ਕੇ ਮੁਸਤੈਦੀ ਦਿਖਾਉਂਦੇ ਹੋਏ ਉਸ ਨੂੰ ਉਸੇ ਸਮੇਂ ਸਰੋਵਰ ਵਿੱਚੋਂ ਬਾਹਰ ਕੱਢ ਲਿਆ।
ਜਿਸ ਤੋਂ ਬਾਅਦ ਬਜ਼ੁਰਗ ਨੂੰ ਮੁੱਢਲੀ ਸਹਾਇਤਾ ਦੇ ਕੇ ਹੋਸ਼ ‘ਚ ਲਿਆਂਦਾ ਗਿਆ, ਫਿਰ ਪੁਲਸ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤਾ ਗਿਆ। ਪੁਲਸ ਪ੍ਰਸ਼ਾਸਨ ਨੇ ਐਂਬੂਲੈਂਸ ਬੁਲਾ ਕੇ ਉਸ ਨੂੰ ਇਲਾਜ ਲਈ ਹਸਪਤਾਲ ਭੇਜਿਆ। ਜਿੱਥੇ ਉਹ ਅਜੇ ਜ਼ੇਰੇ ਇਲਾਜ ਹੈ। ਬਜ਼ੁਰਗ ਨੇ ਛਾਲ ਕਿਉਂ ਮਾਰੀ, ਉਸ ਦੇ ਹੋਸ਼ ‘ਚ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਬਜ਼ੁਰਗ ਕਿੱਥੋਂ ਦਾ ਸੀ।
ਮੌਕੇ ‘ਤੇ ਮੌਜੂਦ ਏ.ਸੀ.ਪੀ ਜਸਪਾਲ ਸਿੰਘ ਨੇ ਦੱਸਿਆ ਕਿ ਫਿਲਹਾਲ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬਜ਼ੁਰਗ ਅਜੇ ਕੁਝ ਵੀ ਦੱਸਣ ਦੀ ਹਾਲਤ ‘ਚ ਨਹੀਂ ਹੈ, ਜਿਸ ਕਾਰਨ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਉਸ ਦੇ ਹੋਸ਼ ਆਉਣ ਤੋਂ ਬਾਅਦ ਹੀ ਉਸ ਦਾ ਨਾਂ ਅਤੇ ਪਰਿਵਾਰਕ ਮੈਂਬਰਾਂ ਦਾ ਪਤਾ ਲੱਗ ਸਕੇਗਾ।