ਚੰਡੀਗੜ੍ਹ, 11 ਮਾਰਚ 2022 – ਪੰਜਾਬ ਚੋਣਾਂ ‘ਚ ਮਿਲੀ ਕਰਾਰੀ ਹਾਰ ‘ਤੇ ਅਕਾਲੀ ਦਲ ਮੰਥਨ ਕਰੇਗਾ। ਇਸ ਦੇ ਲਈ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਹੈ। ਇਹ ਮੀਟਿੰਗ 14 ਮਾਰਚ ਨੂੰ ਪਾਰਟੀ ਦੇ ਚੰਡੀਗੜ੍ਹ ਸਥਿਤ ਦਫ਼ਤਰ ਵਿਖੇ ਹੋਵੇਗੀ। ਪੰਜਾਬ ਦੀਆਂ 117 ਸੀਟਾਂ ‘ਤੇ ਹੋਈਆਂ ਵਿਧਾਨ ਸਭਾ ਚੋਣਾਂ ‘ਚ ਅਕਾਲੀ ਦਲ ਦੇ ਖਾਤੇ ‘ਚ ਸਿਰਫ 3 ਸੀਟਾਂ ਬੰਗਾ, ਦਾਖਾ ਅਤੇ ਮਜੀਠਾ ਹੀ ਆਈਆਂ ਹਨ।
ਇਸ ਤੋਂ ਇਲਾਵਾ ਗਠਜੋੜ ਦੀ ਭਾਈਵਾਲ ਬਸਪਾ ਨੇ ਨਵਾਂਸ਼ਹਿਰ ਸੀਟ ਜਿੱਤ ਲਈ ਹੈ। ਅਕਾਲੀ ਦਲ ਦੇ ਸੀਨੀਅਰ ਉਪ ਪ੍ਰਧਾਨ ਹਰਚਰਨ ਬੈਂਸ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਵੀ ਬੁਲਾਇਆ ਗਿਆ ਹੈ। ਅਕਾਲੀ ਦਲ ਨੇ 97 ਸੀਟਾਂ ‘ਤੇ ਚੋਣ ਲੜੀ ਸੀ ਜਦਕਿ ਬਸਪਾ ਨੂੰ 20 ਸੀਟਾਂ ਦਿੱਤੀਆਂ ਸਨ।
ਅਕਾਲੀ ਦਲ ਨੇ 2007 ਅਤੇ 2012 ਵਿੱਚ ਲਗਾਤਾਰ ਸਰਕਾਰ ਬਣਾਈ। ਉਦੋਂ ਸੁਖਬੀਰ ਬਾਦਲ ਦੇ ਚੋਣ ਪ੍ਰਬੰਧਾਂ ਦੀ ਖੂਬ ਤਾਰੀਫ ਹੋਈ ਸੀ। 2017 ਵਿੱਚ ਅਕਾਲੀ ਦਲ ਨੂੰ ਸੱਤਾ ਤੋਂ ਬਾਹਰ ਹੋ ਗਿਆ ਸੀ। ਜਿਸ ਦੀ ਵਜ੍ਹਾ ਆਮ ਆਦਮੀ ਪਾਰਟੀ ਬਣੀ ਸੀ। ਇਸ ਵਾਰ ਅਕਾਲੀ ਦਲ ਨੂੰ ਆਸ ਸੀ ਕਿ ਉਸ ਨੂੰ ਕਾਂਗਰਸ ਦੀ ਸੱਤਾ ਵਿਰੋਧੀ ਸੋਚ ਦਾ ਫਾਇਦਾ ਮਿਲੇਗਾ। ਹਾਲਾਂਕਿ ਅਜਿਹਾ ਨਹੀਂ ਹੋਇਆ। 2017 ਤੋਂ ਬਾਅਦ 2022 ਵਿੱਚ ਵੀ ਅਕਾਲੀ ਦਲ ਦੀ ਸੱਤਾ ਖਤਮ ਹੋ ਗਈ।
ਅਕਾਲੀ ਦਲ ਦੀ ਹਾਰ ‘ਚ ਸਭ ਤੋਂ ਹੈਰਾਨ ਕਰਨ ਵਾਲਾ ਨਤੀਜਾ ਬਾਦਲ ਪਰਿਵਾਰ ਦੀ ਹਾਰ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਜਲਾਲਾਬਾਦ ਤੋਂ ਹਾਰ ਗਏ ਹਨ। 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਆਪਣੇ ਗੜ੍ਹ ਲੰਬੀ ਤੋਂ ਹਾਰ ਗਏ ਹਨ। ਬਿਕਰਮ ਮਜੀਠੀਆ ਅੰਮ੍ਰਿਤਸਰ ਪੂਰਬੀ ਤੋਂ ਹਾਰ ਗਏ ਹਨ। ਇਸ ਦੇ ਨਾਲ ਹੀ ਆਦੇਸ਼ ਪ੍ਰਤਾਪ ਕੈਰੋਂ ਵੀ ਹਾਰ ਗਏ ਸਨ। ਇਸ ਕਾਰਨ ਹੁਣ ਇਹ ਸਵਾਲ ਵੀ ਉੱਠ ਰਹੇ ਹਨ ਕਿ ਕੀ ਅਕਾਲੀ ਦਲ ਦੀ ਕਮਾਨ ਬਾਦਲ ਪਰਿਵਾਰ ਦੇ ਹੱਥ ਵਿੱਚ ਹੋਣੀ ਚਾਹੀਦੀ ਹੈ ਜਾਂ ਨਹੀਂ ?