- ਜੱਥੇਦਾਰ ਅਵਤਾਰ ਸਿੰਘ ਹਿੱਤ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ 21 ਮੈਂਬਰੀ ਕਮੇਟੀ ਦਾ ਗਠਨ
- ਸ਼ਹੀਦਾਂ ਦੀ ਜੱਥੇਬੰਦੀ ਨੂੰ ਖਤਮ ਕਰਨ ਵਾਲੇ ਆਪ ਹੀ ਖਤਮ ਹੋ ਜਾਣਗੇ: ਜੱਥੇਦਾਰ ਹਿੱਤ
- ਪੰਥ ਦੋਖੀਆਂ ਤੋਂ ਅਕਾਲੀ ਦਲ ਦਾ ਦਫਤਰ ਖਾਲੀ ਕਰਵਾਇਆ ਜਾਵੇਗਾ
ਨਵੀਂ ਦਿੱਲੀ, 20 ਮਾਰਚ 2022 – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਪਾਰਟੀ ਦੀ 21 ਮੈਂਬਰੀ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਗਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜਥੇਦਾਰ ਹਿੱਤ ਨੇ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜੱਥੇਬੰਦੀ ਹੈ, ਜਿਸ ਦੀ ਸਥਾਪਨਾ ਅਨੇਕਾਂ ਸ਼ਹਾਦਤਾਂ ਮਗਰੋਂ ਹੋਈ ਹੈ, ਇਹ ਕਦੇ ਮਰ ਨਹੀਂ ਸਕਦੀ ਅਤੇ ਇਸ ਨੂੰ ਸਮਾਪਤ ਕਰਨ ਵਾਲੇ ਆਪ ਹੀ ਖਤਮ ਹੋ ਜਾਣਗੇ।
ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਵਾਰ ਫਿਰ ਦਿੱਲੀ ਵਿੱਚ ਪਾਰਟੀ ਦੀ ਕਮਾਨ ਸੀਨੀਅਰ ਅਕਾਲੀ ਆਗੂ ਜਥੇਦਾਰ ਅਵਤਾਰ ਸਿੰਘ ਹਿੱਤ ਨੂੰ ਸੌਂਪੀ ਅਤੇ ਅੱਜ ਜਥੇਦਾਰ ਅਵਤਾਰ ਸਿੰਘ ਹਿੱਤ ਨੇ ਸੁਖਬੀਰ ਸਿੰਘ ਬਾਦਲ ਦੀ ਕੋਠੀ 11 ਵਿੱਚ ਤਿਲਕ ਮਾਰਗ ’ਤੇ ਪ੍ਰੈੱਸ ਕਾਨਫਰੰਸ ਸਦ ਕੇ ਮੀਡੀਆ ਸਾਹਮਣੇ ਆਪਣੀ ਗੱਲ ਰੱਖੀ। ਉਨ੍ਹਾਂ ਕਿਹਾ ਕਿ ਇਹ ਪ੍ਰੈੱਸ ਕਾਨਫਰੰਸ ਪਾਰਟੀ ਦੀ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਹੋਣੀ ਚਾਹੀਦੀ ਸੀ ਪਰ ਉਸ ਦਫ਼ਤਰ ’ਤੇ ਪੰਥਕ ਦੋਖੀਆਂ ਵੱਲੋਂ ਜ਼ਬਰਦਸਤੀ ਕਬਜ਼ਾ ਕਰ ਲਿਆ ਗਿਆ ਹੈ ।
ਜਥੇਦਾਰ ਹਿੱਤ ਨੇ ਕਿਹਾ ਕਿ ਹਾਲਾਂਕਿ ਕਾਨੂੰਨੀ ਤੌਰ ’ਤੇ ਦਫ਼ਤਰ ਸ਼੍ਰੋਮਣੀ ਅਕਾਲੀ ਦਲ ਨੂੰ ਅਲਾਟ ਕੀਤਾ ਗਿਆ ਸੀ ਪਰ ਅਦਾਲਤ ਨਾਲ ਹੋਏ ਸਮਝੌਤੇ ਅਨੁਸਾਰ ਦਫ਼ਤਰ ਉਨ੍ਹਾਂ ਦੇ ਨਾਂ ’ਤੇ ਹੈ, ਇਸ ਕਰਕੇ ਇਸ ’ਤੇ ਕਿਸੇ ਹੋਰ ਧਿਰ ਦਾ ਕਬਜ਼ਾ ਨਹੀਂ ਹੋ ਸਕਦਾ। ਜਥੇਦਾਰ ਹਿੱਤ ਨੇ ਸਪਸ਼ਟ ਕਿਹਾ ਕਿ ਅੱਜ ਨਹੀਂ ਤਾਂ ਕੱਲ੍ਹ ਜਿਨ੍ਹਾਂ ਨੇ ਪਾਰਟੀ ਦਫ਼ਤਰ ’ਤੇ ਕਬਜ਼ਾ ਕੀਤਾ ਹੋਇਆ ਹੈ, ਉਨ੍ਹਾਂ ਨੂੰ ਦਫ਼ਤਰ ਖਾਲੀ ਕਰਨਾ ਪਵੇਗਾ।
ਜਥੇਦਾਰ ਅਵਤਾਰ ਸਿੰਘ ਹਿੱਤ ਨੇ ਕਿਹਾ ਕਿ ਪਾਰਟੀ ਵਿੱਚ ਉਤਾਰ ਚੜਾਅ ਆਉਂਦੇ ਰਹੇ ਹਨ ਪਰ ਉਹ ਹਮੇਸ਼ਾ ਪਾਰਟੀ ਦੇ ਵਫ਼ਾਦਾਰ ਸਿਪਾਹੀ ਵਜੋਂ ਪਾਰਟੀ ਦੇ ਨਾਲ ਖੜੇ ਹਨ ਅਤੇ ਅੱਗੇ ਵੀ ਡਟ ਕੇ ਖੜੇ ਰਹਿਣਗੇ।
ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਅਜਿਹਾ ਸਮਾਂ ਆਇਆ ਸੀ ਜਦੋਂ ਹਰ ਕੋਈ ਪਾਰਟੀ ਛੱਡ ਕੇ ਚਲਾ ਗਿਆ ਸੀ ਪਰ ਦਿੱਲੀ ਵਿੱਚ ਉਨ੍ਹਾਂ ਨੇ ਇਕੱਲੇ ਹੀ ਪ੍ਰਕਾਸ਼ ਸਿੰਘ ਬਾਦਲ ਨਾਲ ਡਟ ਕੇ ਪਾਰਟੀ ਦੀ ਮੁੜ ਉਸਾਰੀ ਕੀਤੀ ਅਤੇ ਇਸ ਮੁਕਾਮ ਤੱਕ ਪਹੁੰਚਾਇਆ। ਉਨ੍ਹਾਂ ਕਿਹਾ ਕਿ ਇਸ ਲਈ ਜਿਹੜੇ ਲੋਕ ਆਪਣੇ ਨਿੱਜੀ ਹਿੱਤਾਂ ਲਈ ਪਾਰਟੀ ਨਾਲ ਗੱਦਾਰੀ ਕਰਕੇ ਪਾਰਟੀ ਨੂੰ ਤਬਾਹ ਕਰਨ ਦੇ ਇਰਾਦੇ ਰੱਖਦੇ ਹਨ, ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜੱਥੇਬੰਦੀ ਹੈ ਅਤੇ ਇਹ ਹਮੇਸ਼ਾ ਕਾਇਮ ਰਹੇਗੀ। ਭਾਵੇਂ ਜਿੰਨੀਆਂ ਵੀ ਪਾਰਟੀਆਂ ਉਹ ਚਾਹੁਣ ਬਣਾ ਲੈਣ ਪਰ ਸੰਗਤ ਉਨ੍ਹਾਂ ਨੂੰ ਮੂੰਹ ਤਕ ਨਹੀਂ ਲਾਏਗੀ। ਇਸ ਮੌਕੇ ਉਨ੍ਹਾਂ ਨਾਲ ਜਥੇਦਾਰ ਅਵਤਾਰ ਸਿੰਘ ਹਿੱਤ ਦੇ ਨਾਲ ਸੁਖਦੇਵ ਸਿੰਘ ਰਿਆਤ, ਪ੍ਰਿਤਪਾਲ ਸਿੰਘ ਕਪੂਰ, ਤੇਜਪਾਲ ਸਿੰਘ, ਅੰਮ੍ਰਿਤ ਸਿੰਘ ਖਾਨਪੁਰੀ, ਅਮਰਜੀਤ ਸਿੰਘ ਸੰਧੂ, ਅਵਨੀਤ ਸਿੰਘ ਰਾਏਸਨ ਆਦਿ ਹਾਜ਼ਰ ਸਨ।
21 ਮੈਂਬਰੀ ਕਮੇਟੀ ਵਿਚ ਅਵਤਾਰ ਸਿੰਘ ਹਿੱਤ, ਭੁਪਿੰਦਰ ਸਿੰਘ ਆਨੰਦ, ਰਵਿੰਦਰ ਸਿੰਘ ਖੁਰਾਣਾ, ਪ੍ਰਿਤਪਾਲ ਸਿੰਘ ਕਪੂਰ, ਸੁਖਦੇਵ ਸਿੰਘ ਰਿਆਤ, ਗੁਰਦੇਵ ਸਿੰਘ ਭੋਲਾ, ਐਮ.ਜੀ.ਐਸ ਬਿੰਦਰਾ, ਤੇਜਪਾਲ ਸਿੰਘ, ਅਮਰਜੀਤ ਸਿੰਘ ਸੰਧੂ, ਅੰਮ੍ਰਿਤ ਸਿੰਘ ਖਾਨਪੁਰੀ, ਸੁਰਜੀਤ ਸਿੰਘ ਵਿਲਖੂ, ਸੁਦੀਪ ਸਿੰਘ, ਅਵਨੀਤ ਸਿੰਘ ਰਾਏਸਨ, ਤਰਲੋਕ ਸਿੰਘ ਨਾਗਰਾ, ਰਾਜਪਾਲ ਸਿੰਘ ਪੰਮੀ, ਸਤਪਾਲ ਸਿੰਘ, ਜਗਮੋਹਨ ਸਿੰਘ ਵਿਰਕ, ਮਨਦੀਪ ਸਿੰਘ ਭਮਰਾ, ਪਰਮਜੀਤ ਸਿੰਘ ਮਾਨ, ਭੁਪਿੰਦਰ ਸਿੰਘ ਮਾਣਕ, ਜਗਦੇਵ ਸਿੰਘ ਸ਼ਾਮਲ ਹਨ।