ਅੰਮ੍ਰਿਤਸਰ, 4 ਦਸੰਬਰ 2024 – ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਮੰਤਰੀ ਮੰਡਲ ਵਿੱਚ ਮੰਤਰੀ ਰਹੇ ਆਗੂ ਅੱਜ (ਬੁੱਧਵਾਰ) ਦੂਜੇ ਦਿਨ ਵੀ ਸਜ਼ਾ ਭੁਗਤਣ ਲਈ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਰਹੇ ਹਨ। ਮੰਗਲਵਾਰ ਦੀ ਤਰ੍ਹਾਂ ਸੁਖਬੀਰ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਅੱਜ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਹਰਿਮੰਦਰ ਸਾਹਿਬ ਵਿਖੇ ਲਾਈ ਸੇਵਾ ਪੂਰੀ ਕਰਨ ਉਪਰੰਤ ਨਤਮਸਤਕ ਹੋਣਗੇ।
ਬੀਤੇ ਦਿਨ ਸੁਖਬੀਰ ਬਾਦਲ ਨੇ ਕਲਾਕ ਟਾਵਰ ਦੇ ਬਾਹਰ ਗਲੇ ਵਿੱਚ ਤਖ਼ਤੀ ਅਤੇ ਸੇਵਾਦਾਰ ਦੇ ਕੱਪੜੇ ਪਾ ਕੇ ਇੱਕ ਘੰਟਾ ਸੇਵਾਦਾਰ ਦੀ ਸੇਵਾ ਕੀਤੀ ਸੀ। ਇਸ ਉਪਰੰਤ ਕੀਰਤਨ ਸਰਵਣ ਕੀਤਾ ਅਤੇ ਅੰਤ ਵਿੱਚ ਜੂਠੇ ਭਾਂਡਿਆਂ ਦੀ ਸੇਵਾ ਕੀਤੀ। ਅੱਜ ਵੀ ਉਹ ਉਹੀ ਸਜ਼ਾ ਦੁਹਰਾ ਰਹੇ ਹਨ।
ਸੁਖਬੀਰ ਬਾਦਲ ਨੂੰ ਕੇਵਲ ਹਰਿਮੰਦਰ ਸਾਹਿਬ ਹੀ ਨਹੀਂ, ਦੋ ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਦੋ ਦਿਨ ਤਖ਼ਤ ਸ੍ਰੀ ਦਮਦਮਾ ਸਾਹਿਬ, ਦੋ ਦਿਨ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਅਤੇ ਦੋ ਦਿਨ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਉਪਰੋਕਤ ਸੇਵਾ ਕਰਨ ਦੀ ਸਜ਼ਾ ਵੀ ਦਿੱਤੀ ਹੈ।
ਜਦਕਿ ਸਾਬਕਾ ਮੰਤਰੀ ਬਿਕਰਮ ਮਜੀਠੀਆ, ਬੀਬੀ ਜਗੀਰ ਕੌਰ, ਪਰਮਿੰਦਰ ਸਿੰਘ ਢੀਂਡਸਾ, ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਡਾ: ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ ਰਣੀਕੇ ਅਤੇ ਮਹੇਸ਼ ਇੰਦਰ ਗਰੇਵਾਲ ਨੇ ਮੰਗਲਵਾਰ ਨੂੰ ਪਖਾਨਿਆਂ ਦੀ ਸਫ਼ਾਈ ਕੀਤੀ | ਸੁਖਬੀਰ ਬਾਦਲ ਨੂੰ ਵੀ ਪਖਾਨੇ ਸਾਫ਼ ਕਰਨ ਦੀ ਸਜ਼ਾ ਸੁਣਾਈ ਗਈ ਸੀ, ਪਰ ਲੱਤ ਵਿੱਚ ਫਰੈਕਚਰ ਹੋਣ ਕਾਰਨ ਉਨ੍ਹਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਸੀ। ਬਾਕੀ ਆਗੂ ਵੀ ਉਨ੍ਹਾਂ ਨੂੰ ਮਿਲੀ ਸੇਵਾ ਨਿਭਾ ਰਹੇ ਹਨ।