ਜਲੰਧਰ ਜ਼ਿਮਨੀ ਚੋਣ ‘ਚ ਹਾਥੀ ‘ਤੇ ਚੜ੍ਹ ਕੇ ਵੀ ਇੱਜ਼ਤ ਨਹੀਂ ਬਚਾ ਸਕੇ ਸੁਖਬੀਰ : ਸੁਰਜੀਤ ਰੱਖੜਾ

  • ਜ਼ਿਮਨੀ ਚੋਣ ਨੇ ਪੰਥਕ ਏਜੰਡਾ ਸੈੱਟ ਕੀਤਾ : ਬੀਬੀ ਜਗੀਰ ਕੌਰ
  • ਆਪਣਿਆਂ ਨੂੰ ਛੱਡ ਕੇ ਦੂਜਿਆਂ ਦੀ ਮਦਦ ਕਰਨ ਦਾ ਖ਼ਮਿਆਜ਼ਾ ਭੁਗਤਿਆ ਸੁਖਬੀਰ ਨੇ : ਚੰਦੂਮਾਜਰਾ

ਜਲੰਧਰ, 14 ਜੁਲਾਈ 2024 – ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਨਰਾਜ਼ ਧੜੇ ਦੀ ਹੁਣ ਤੱਕ ਦੀ ਚੁੱਪ ਨੇ ਪੰਥਕ ਸਫ਼ਾਂ ਵਿਚ ਚਰਚਾ ਛੇੜ ਦਿੱਤੀ ਹੈ, ਅੱਜ ਆਏ ਜਲੰਧਰ ਪੱਛਮੀ ਦੇ ਨਤੀਜਿਆਂ ਨੇ ਨਰਾਜ਼ ਧੜੇ ਵਿਚ ਹੋਰ ਜਾਨ ਪਾਈ ਹੈ, ਜਿਸ ਬਾਰੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਹਾਥੀ ਦੇ ਉੱਥੇ ਚੜ ਕੇ ਵੀ ਆਪਣੀ ਇੱਜ਼ਤ ਨਹੀਂ ਬਚਾ ਸਕੇ ਜਦ ਕਿ ਸਾਡੀ ਉਮੀਦਵਾਰ ਨੇ ਬਸਪਾ ਦੇ ਉਮੀਦਵਾਰ ਤੋਂ ਵੱਧ ਵੋਟਾਂ ਲੈ ਕੇ ਲੋਕਾਂ ਦਾ ਪੰਥਕ ਇਸ਼ਾਰਾ ਸਮਝ ਲਿਆ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਜਲੰਧਰ ਪੱਛਮੀ ਦੀ ਚੋਣ ਪੰਥਕ ਇਲਾਕਿਆਂ ਵਿਚ ਇਹ ਤਹਿ ਕਰੇਗੀ ਕਿ ਪੰਥ ਕੀ ਚਾਹੁੰਦਾ ਹੈ ਵੋਟਾਂ ਭਾਵੇਂ ਘੱਟ ਪਈਆਂ ਹਨ ਪਰ ਸੁਖਬੀਰ ਬਾਦਲ ਦੀ ਹਾਰ ਨਾਲ ਪੰਥ ਦਾ ਏਜੰਡਾ ਸੈੱਟ ਹੋ ਗਿਆ ਹੈ।

ਦੋਵਾਂ ਧਿਰਾਂ ਦੀ ਚੁੱਪ ਬਾਰੇ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਹੈ ਕਿ ਇਹ ਚੁੱਪ ਨਹੀਂ ਹੈ ਸਗੋਂ ਕਿਸੇ ਵੱਡੇ ਪ੍ਰੋਗਰਾਮ ਦੀ ਉਡੀਕ ਵਿਚ ਅੰਦਰੋਂ ਅੰਦਰੀਂ ਅੱਗ ਧੁਖ ਰਹੀ ਹੈ। ਅਸੀਂ ਸੋਚ ਰਹੇ ਹਾਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਾਡੇ ਤੇ ਕੋਈ ਵੀ ਸਜ਼ਾ ਲਗਾਵੇ ਤੇ ਅਸੀਂ ਉਹ ਸਜ਼ਾ ਪੂਰੀ ਕਰੀਏ, ਉਸ ਤੋਂ ਬਾਅਦ ਸਾਡਾ ਸਾਰਾ ਜ਼ੋਰ ਪੰਜਾਬ ਵਿਚ ਪੰਥਕ ਧਿਰਾਂ ਨਾਲ ਮੁਲਾਕਾਤ ਕਰਕੇ ਪੰਥ ਨੂੰ ਇੱਕਜੁੱਟ ਕਰਨ ਦੇ ਪ੍ਰੋਗਰਾਮ ਹੋਣਗੇ। ਹੁਣ ਤੱਕ ਦਾ ਸੁਖਬੀਰ ਬਾਦਲ ਦਾ ਰਵੱਈਆ ਕੋਈ ਪੰਥ ਨੂੰ ਇੱਕਜੁੱਟ ਕਰਨ ਵਾਲਾ ਨਜ਼ਰ ਨਹੀਂ ਆਇਆ ਸਗੋਂ ਇਹ ਮਹਿਜ਼ ਖਾਨਾਪੂਰਤੀ ਹੀ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਸਾਡੀ ਜਲੰਧਰ ਪੱਛਮੀ ਤੋਂ ਉਮੀਦਵਾਰ ਸੁਰਜੀਤ ਕੌਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਨਾ ਹੁੰਦੀ ਤਾਂ ਉਸ ਨੂੰ ਪੰਜ ਹਜ਼ਾਰ ਵੋਟਾਂ ਤੋਂ ਵੱਧ ਲੈਣੀਆਂ ਸਨ ਜਿਸ ਨਾਲ ਸੁਖਬੀਰ ਬਾਦਲ ਦੀ ਹੋਰ ਵੀ ਕਿਰਕਰੀ ਹੋਣੀ ਸੀ, ਹੁਣ ਸੁਖਬੀਰ ਬਾਦਲ ਨੂੰ ਕੰਧ ‘ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਪੰਥ ਉਨ੍ਹਾਂ ਨਾਲ ਨਹੀਂ ਹੈ, ਪੰਥ ਹੁਣ ਨਵਾਂ ਰਸਤਾ ਅਖ਼ਤਿਆਰ ਕਰਨ ਵੱਲ ਵੱਧ ਰਿਹਾ ਹੈ। ਉੱਧਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਬਹੁਜਨ ਸਮਾਜ ਪਾਰਟੀ ਦੀ ਮਦਦ ਕਰਨ ਦੇ ਬਾਵਜੂਦ ਵੀ ਲਗਭਗ 700 ਵੋਟ ਹਾਸਲ ਕਰਨ ਵਿੱਚ ਕਾਮਯਾਬ ਹੋਏ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੁਹਿਰਦ ਲੀਡਰਾਂ ਵੱਲੋਂ ਬੀਬੀ ਸੁਰਜੀਤ ਕੌਰ ਦੇ ਹੱਕ ਵਿੱਚ ਚੋਣ ਨਿਸ਼ਾਨ ‘ਤੱਕੜੀ’ ਦੀ ਡਟ ਕੇ ਮਦਦ ਕਰਨ ‘ਤੇ ਬੀਐੱਸਪੀ ਅਤੇ ਸੁਖਬੀਰ ਧੜੇ ਨਾਲੋਂ ਦੁੱਗਣੀਆਂ ਵੋਟਾਂ ਹਾਸਲ ਕੀਤੀਆਂ ਗਈਆਂ। ਉਨ੍ਹਾਂ ਆਖਿਆ ਕਿ ਜਲੰਧਰ ਜ਼ਿਮਨੀ ਚੋਣ ਦੇ ਨਤੀਜਿਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਇਹ ਅਹਿਸਾਸ ਕਰਵਾਇਆ ਕਿ ਆਪਣਿਆਂ ਨੂੰ ਛੱਡਕੇ ਦੂਸਰਿਆਂ ਦੀ ਮਦਦ ਕਰਨ ਵਾਲੇ ਲੋਕਾਂ ਨਾਲ ਪੰਜਾਬ ਤੇ ਪੰਥ ਦੇ ਜਾਏ ਕਦੇ ਵੀ ਨਹੀਂ ਖੜ੍ਹਨਗੇ।

ਦੂਜੇ ਪਾਸੇ ਸੁਖਬੀਰ ਬਾਦਲ ਦੇ ਧੜੇ ਦੀ ਚੁੱਪ ਵੀ ਪੰਥਕ ਧਿਰਾਂ ਵਿਚ ਖਾਸੀ ਚਰਚਾ ਨੂੰ ਥਾਂ ਦੇ ਰਹੀ ਹੈ, ਇਕ ਸੁਖਬੀਰ ਧੜੇ ਦੇ ਅਕਾਲੀ ਆਗੂ ਨੇ ਕਿਹਾ ਕਿ 15 ਜੁਲਾਈ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾ ਸਕੇਗਾ ਨਹੀਂ ਤਾਂ ਅਜੇ ਤੱਕ ਕੋਈ ਵੀ ਹਲਚਲ ਕਰਨੀ ਸਹੀ ਨਹੀਂ ਸਮਝੀ ਜਾ ਰਹੀ। ਉਨ੍ਹਾਂ ਕਿਹਾ ਜਲੰਧਰ ਪੱਛਮੀ ਵਿਚ ਸੁਖਬੀਰ ਧੜੇ ਦੀ ਕੋਈ ਹਾਰ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਤਾਂ ਉੱਥੇ ਪ੍ਰਚਾਰ ਹੀ ਨਹੀਂ ਕੀਤਾ। ਇਹ ਸੱਚ ਹੈ ਕਿ ਸੁਖਬੀਰ ਧੜਾ ਪੰਥਕ ਏਜੰਡੇ ਅਨੁਸਾਰ ਅੱਗੇ ਵਧ ਰਿਹਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਗੁਰਦਾਸਪੁਰ ‘ਚ ਦਿਖਾਈ ਦਿੱਤੇ ਤਿੰਨ ਸ਼ੱਕੀ: ਸਰੀਰ ‘ਤੇ ਸਿਰਫ ਅੰਡਰਵੀਅਰ ਪਹਿਨੀ ਸੀ, ਮੋਢੇ ‘ਤੇ ਸੀ ਬੈਗ, ਪੁਲਿਸ ਜਾਂਚ ‘ਚ ਜੁਟੀ

ਪੰਜਾਬ ‘ਚ 2 ਕੰਪਨੀਆਂ ਦੇ ਲਾਈਸੈਂਸ ਰੱਦ: ਸਪਲਾਈ ਕਰ ਰਹੀਆਂ ਸਨ ਨਕਲੀ ਖਾਦ, ਟੈਸਟ ਸੈਂਪਲ ਹੋਏ ਫੇਲ੍ਹ