- ਕਿਹਾ ਕਿਪੰਜ ਵਾਰ ਦੇ ਮੁੱਖ ਮੰਤਰੀ ਨੇ ਸਾਬਕਾ ਵਿਧਾਇਕ ਬਣਨ ’ਤੇ ਪੈਨਸ਼ਨ ਲੈਣ ਤੋਂ ਇਨਕਾਰ ਲਿਖਤੀ ਤੌਰ ’ਤੇ ਦਿੱਤਾ
- ਭਗਵੰਤ ਮਾਨ ਵੱਲੋਂ ਪੰਜਾਬ ਵਿਚ ਮੈਡੀਕਲ ਕਾਲਜਾਂ ਦੀ ਉਸਾਰੀ ਬਾਰੇ ਬੋਲਿਆ ਝੂਠ ਬੇਨਕਾਬ ਕੀਤਾ ਤੇ ਦੱਸਿਆ ਕਿ ਕਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿਚ ਸਿਹਤ ਖੇਤਰ ਵਿਚ ਬੁਨਿਆਦੀ ਢਾਂਚਾ ਵਿਕਸਤ ਕੀਤਾ
ਚੰਡੀਗੜ੍ਹ, 30 ਨਵੰਬਰ 2022 – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ’ਪੰਜ ਪੈਨਸ਼ਨਾਂ’ ਲੈਣਾ ਰਿਕਾਰਡ ਜਨਤਕ ਕਰਨ ਜਾਂ ਫਿਰ ਝੂਠ ਬੋਲਣ ਲਈ ਮਾਣਹਾਨੀ ਦੇ ਮੁਕੱਦਮੇ ਦਾ ਸਾਹਮਣਾ ਕਰਨ ਵਾਸਤੇ ਤਿਆਰ ਰਹਿਣ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਆਮ ਆਦਮੀ ਪਾਰਟੀ ਵੱਲੋਂ 7 ਸਾਲ ਪਹਿਲਾਂ ਸ਼ੁਰੂ ਕੀਤੀ ਬਦਨਾਮੀ ਦੀ ਮੁਹਿੰਮ ਚਲਾ ਰਹੇ ਹਨ ਅਤੇ ਹੁਣ ਉਹ ਝੂਠ ਤੇ ਝੂਠੇ ਵਾਅਦਿਆਂ ਨਾਲ ਗੁਜਰਾਤ ਦੇ ਵੋਟਰਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਸ੍ਰੀ ਭਗਵੰਤ ਮਾਨ ਸ਼ਾਇਦ ਇਹ ਸੋਚਦੇ ਹਨ ਕਿ ਉਹ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰ ਸਕਦੇ ਹਨ ਪਰ ਅਸੀਂ ਉਹਨਾਂ ਵੱਲੋਂ ਦਿੱਤੇ ਬਿਆਨਾਂ ਲਈ ਉਹਨਾਂ ਦੀ ਜਵਾਬਦੇਹੀ ਤੈਅ ਕਰਾਂਗੇ। ਉਹਨਾਂ ਕਿਹਾ ਕਿ ਹੁਣ ਉਹਨਾਂ ਨੂੰ ਆਪਣੇ ਦਾਅਵਿਆਂ ਦੇ ਹੱਕ ਵਿਚ ਸਬੂਤ ਜਨਤਕ ਤੌਰ ’ਤੇ ਪੇਸ਼ ਕਰਨੇ ਪੈਣਗੇ ਨਹੀਂ ਤਾਂ ਆਪਣੇ ਬਿਆਨਾਂ ਲਈ ਮੁਆਫੀ ਮੰਗਣੀ ਪਵੇਗੀ। ਉਹਨਾਂ ਕਿਹਾ ਕਿ ਜੇਕਰ ਉਹ ਅਜਿਹਾ ਨਹੀਂ ਕਰਦੇ ਜਾਂ ਆਪਣੇ ਬਿਆਨ ਲਈ ਮੁਆਫੀ ਨਹੀਂ ਮੰਗਦੇ ਤਾਂ ਫਿਰ ਉਹਨਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
ਤੱਥ ਪੇਸ਼ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਪੰਜ ਵਾਰ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਹਾਰਨ ਤੋਂ ਤੁਰੰਤ ਬਾਅਦ ਪ੍ਰੋ ਟੈਮ ਸਪੀਕਰ ਨੁੰ ਪੱਤਰ ਲਿਖ ਕੇ ਕਿਹਾ ਸੀ ਕਿ ਉਹਨਾਂ ਦੇ 10 ਵਾਰ ਵਿਧਾਇਕ ਬਣਨ ਦੀ ਪੈਨਸ਼ਨ ਉਹਨਾਂ ਨੂੰ ਨਾ ਭੇਜੀ ਜਾਵੇ। ਸਰਦਾਰ ਬਾਦਲ ਨੇ ਇਹ ਬੇਨਤੀ ਕੀਤੀ ਸੀ ਕਿ ਇਹ ਪੈਸਾ ਲੋਕ ਭਲਾਈ ਵਾਸਤੇ ਖਾਸ ਤੌਰ ’ਤੇ ਲੜਕੀਆਂ ਨੂੰ ਸਿੱਖਿਆ ਦੇਣ ’ਤੇ ਖਰਚ ਕੀਤੀ ਜਾਵੇ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਚਿੱਠੀ ਵਿਧਾਨ ਸਭਾ ਦੇ ਰਿਕਾਰਡ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੇ ਆਪਣੇ ਪੱਤਰ ਵਿਚ ਇਹ ਵੀ ਸਪਸ਼ਟ ਕੀਤਾ ਹੈ ਕਿ ਉਹਨਾਂ ਨੇ ਆਪਣੇ ਜੀਵਨ ਵਿਚ ਕਦੇ ਵੀ ਸਾਬਕਾ ਵਿਧਾਇਕ ਵਜੋਂ ਪੈਨਸ਼ਨ ਨਹੀਂ ਪ੍ਰਾਪਤ ਕੀਤੀ। ਉਹਨਾਂ ਕਿਹਾ ਕਿ ਇਹਨਾਂ ਤੱਥਾਂ ਦੀ ਰੋਸ਼ਨੀ ਵਿਚ ਇਹ ਸਪਸ਼ਟ ਹੈ ਕਿ ਮੁੱਖ ਮੰਤਰੀ ਜਾਣ ਬੁੱਝ ਕੇ ਸ਼ਰਾਰਤੀ ਟਿੱਪਣੀਆਂ ਕਰ ਰਹੇ ਹਨ ਤਾਂ ਜੋ ਉਹ ਅਕਾਲੀ ਦਲ ਦੀ ਬਦਨਾਮੀ ਕਰ ਸਕਣ ਤੇ ਆਪਣੇ ਆਪ ਨੂੰ ਮਸੀਹਾ ਵਜੋਂ ਪੇਸ਼ ਕਰ ਸਕਣ ਜੋ ਹਰ ਮਹੀਨੇ ਟੈਕਸ ਦਾਤਿਆਂ ਦਾ 5 ਲੱਖ ਰੁਪਏ ਬਚਾਉਣ ਦਾ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਅਸਲ ਵਿਚ ਜੋ ਹੋ ਰਿਹਾ ਹੈ, ਉਹ ਇਸ ਤੋਂ ਉਲਟ ਹੈ।
ਉਹਨਾਂ ਕਿਹਾ ਕਿ ਆਪ ਦੀ ਸਾਰੀ ਮੁਹਿੰਮ ਪ੍ਰਾਪਗੰਡੇ ’ਤੇ ਆਧਾਰਿਤ ਹੈ ਤੇ ਮੌਜੂਦਾ ਵਿੱਤ ਵਰ੍ਹੇ ਵਿਚ ਹੀ 700 ਕਰੋੜ ਰੁਪਏ ਇਸ਼ਤਿਹਾਰਬਾਜ਼ੀ ਵਾਸਤੇ ਰੱਖੇ ਗਏ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਦੇਸ਼ ਭਰ ਵਿਚ ਸੈਂਕੜੇ ਕਰੋੜ ਰੁਪਏ ਇਸ਼ਤਿਹਾਰਬਾਜ਼ੀ ’ਤੇ ਖਰਚ ਕੀਤੇ ਜਾ ਰਹੇ ਹਨ ਤੇ ਖਾਸ ਤੌਰ ’ਤੇ ਗੁਜਰਾਤ ਵਰਗੇ ਰਾਜਾਂ ਵਿਚ ਖਰਚ ਕੀਤੇ ਜਾ ਰਹੇ ਹਨ ਜਿਥੇ ਵਿਧਾਨ ਸਭਾ ਚੋਣਾਂ ਲਈ ਪ੍ਰਕਿਰਿਆ ਚਲ ਰਹੀ ਹੈ। ਉਹਨਾਂ ਕਿਹਾ ਕਿ ਟੈਕਸ ਦਾਤੇ ਪੰਜਾਬੀਆਂ ਦਾ ਪੈਸਾ ਜੋ ਵਿਕਾਸ ਲਈ ਖਰਚ ਹੋਣਾ ਚਾਹੀਦਾ ਹੈ, ਉਹ ਇਸ ਤਰੀਕੇ ਬਰਬਾਦ ਕੀਤਾ ਜਾ ਰਿਹਾਹੈ। ਉਹਨਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਮੁੱਖ ਮੰਤਰੀ ਕਿਵੇਂ ਜਨਤਕ ਪੈਸਾ ਪੰਜਾਬੀਆਂ ਦੀ ਭਲਾਈ ਵਾਸਤੇ ਖਰਚ ਕਰ ਰਹੇ ਹਨ।
ਸਰਦਾਰ ਬਾਦਲ ਨੇ ਭਗਵੰਤ ਮਾਨ ਵੱਲੋਂ ਅੱਜ ਗੁਜਰਾਤ ਵਿਚ ਕੀਤੀ ਪ੍ਰੈਸ ਕਾਨਫਰੰਸ ਵਿਚ ਬੋਲੇ ਝੂਠ ਨੂੰ ਵੀ ਬੇਨਕਾਬ ਕੀਤਾ ਜਿਸ ਦੌਰਾਨ ਉਹਨਾਂ ਦਾਅਵਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਵਿਚ ਮੈਡੀਕਲ ਕਾਲਜਾਂ ਦਾ ਨਿਰਮਾਣ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਕੋਰਾ ਝੁਠ ਹੈ। ਪੰਜਾਬ ਵਿਚ ਸਾਰੇ ਮੈਡੀਕਲ ਕਾਲਜਾਂ ਲਈ ਪ੍ਰਵਾਨਗੀ ਕੇਂਦਰ ਸਰਕਾਰ ਨੇ ਕੋਰੋਨਾ ਤੋਂ ਬਾਅਦ ਦੇ ਹਾਲਾਤ ਵਿਚ ਦਿੱਤੀ ਹੈ ਜਿਸ ਵਿਚ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਬਰਾਬਰ ਦਾ ਯੋਗਦਾਨ ਪਾ ਕੇ ਇਹ ਕਾਲਜ ਸਥਾਪਿਤ ਕਰਨਗੀਆਂ।
ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੁੰ ਇਹ ਵੀ ਕਿਹਾ ਕਿ ਉਹ ਪੰਜਾਬ ਵਿਚ ਸਿਹਤ ਖੇਤਰ ਵਿਚ ਬੁਨਿਆਦੀ ਢਾਚੇ ਦੇ ਵਿਕਾਸ ’ਤੇ ਧਿਆਨ ਕੇਂਦਰਤ ਕਰਨ ਵੱਲ ਧਿਆਨ ਦੇਣ ਕਿਉਂਕਿ ਉਹਨਾਂ ਆਪ ਇਸ ਮਾਮਲੇ ਵਿਚ ਕੱਖ ਨਹੀਂ ਕੀਤਾ। ਉਹਨਾਂ ਕਿਹਾ ਕਿ ਸ੍ਰੀ ਭਗਵੰਤ ਮਾਨ ਨੇ ਤਾਂ ਸਿਰਫ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਬਣਾਏ ਸੁਵਿਧਾ ਕੇਂਦਰਾਂ ਦੀ ਲੀਪਾ ਪੋਥੀ ਕਰ ਕੇ ਉਹਨਾਂ ਨੂੰ ਮੁਹੱਲਾ ਕਲੀਨਿਕਾਂ ਵਿਚ ਤਬਦੀਲ ਕੀਤਾਹੈ ਜਦੋਂ ਕਿ ਇਹ ਦਿੱਲੀ ਦਾ ਫੇਲ੍ਹ ਮਾਡਲ ਹੈ। ਉਹਨਾਂ ਕਿਹਾ ਕਿ ਇਹ ਕਲੀਨਿਕ ਵੀ ਸਹੀ ਤਰੀਕੇ ਨਹੀਂ ਚਲ ਰਹੇ ਕਿਉਂਕਿ ਦਿਹਾਤੀ ਖੇਤਰਾਂ ਵਿਚ ਇਹਨਾਂ ਕਲੀਨਿਕਾਂ ਵਿਚ ਨਾ ਤਾਂ ਡਾਕਟਰ ਉਪਲਬਧ ਹੈ ਬਲਕਿ ਇਹਨਾਂ ਵਿਚ ਹੋਰ ਸਟਾਫ ਦੀ ਬਹੁਤ ਘਾਟ ਹੈ।
ਉਹਨਾਂ ਕਿਹਾ ਕਿ ਦੂਜੇ ਪਾਸੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪ ਬਾਬਾ ਫਰੀਦ ਹੈਲਥ ਯੂਨੀਵਰਸਿਟੀ ਫਰੀਦਕੋਟ, ਏਮਜ਼ ਬਠਿੰਡਾ, ਪਿਮਸ ਜਲੰਧਰ, ਐਡਵਾਂਸਡ ਕੈਂਸਰ ਇੰਸਟੀਚਿਊਟ ਬਠਿੰਡਾ, ਪੀ ਜੀ ਆਈ ਸੈਟੇਲਾਈਟ ਸੈਂਟਰ ਸੰਗਰੂਰ ਅਤੇ ਹੋਮੀ ਭਾਬਾ ਕੈਂਸਰ ਇੰਸਟੀਚਿਊਟ ਮੁਹਾਲੀ ਸਥਾਪਿਤ ਕੀਤੇ।
ਉਹਨਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੈਂਸਰ ਮਰੀਜ਼ਾਂ ਨੂੰ 1.5 ਲੱਖ ਰੁਪਏ ਦੀ ਸਹਾਇਤਾ ਦੇਣ ਸਮੇਤ ਵਿਲੱਖਣ ਸਿਹਤ ਸੰਭਾਲ ਸਹੂਲਤਾਂ ਦੀਆਂ ਸਕੀਮਾਂ ਵੀ ਸ਼ੁਰੂ ਕੀਤੀਆਂ ਸਨ। ਉਹਨਾਂ ਕਿਹਾ ਕਿ ਉਹਨਾਂ ਨੇ 1933 ਮੁਫਤ ਮੈਡੀਕਲ ਦਵਾਈਆਂ ਦੀਆਂ ਦੁਕਾਨਾਂ ਬਣਵਾਈਆਂ ਤੇ 750 ਮੁਫਤ ਡਾਇਗਨੋਸਟਿਕ ਸੈਂਟਰ ਬਣਾਏ ਤੇ 108 ਐਂਬੂਲੈਂਸ ਸੇਵਾ ਵੀ ਸ਼ੁਰੂ ਕਰਵਾਈ।