ਸੁਖਜਿੰਦਰ ਰੰਧਾਵਾ ਨੇ ਰਾਹੁਲ ਗਾਂਧੀ ਤੇ ਖੜਗੇ ਦੇ ਹੁਕਮਾਂ ’ਤੇ ਜਥੇਬੰਦਕ ਚੋਣਾਂ ਮੁਅੱਤਲ ਕਰਨ ਵਾਸਤੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ: ਅਕਾਲੀ ਦਲ

  • ਰੰਧਾਵਾ ਬਾਗੀ ਅਕਾਲੀ ਧੜੇ ਨਾਲ ਰਲ ਕੇ ਕੰਮ ਕਰ ਰਹੇ ਹਨ: ਡਾ. ਦਲਜੀਤ ਸਿੰਘ ਚੀਮਾ
  • ਕਿਹਾ ਕਿ 12 ਅਪ੍ਰੈਲ ਨੂੰ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਪੁਰਾਣੀ ਰਵਾਇਤ ਮੁਤਾਬਕ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਹੋਵੇਗੀ

ਚੰਡੀਗੜ੍ਹ, 10 ਅਪ੍ਰੈਲ 2025: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਦੇ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਆਕਾ ਰਾਹੁਲ ਗਾਂਧੀ ਤੇ ਮਲਿਕਅਰਜੁਨ ਖੜਗੇ ਦੇ ਕਹਿਣ ’ਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰ ਕੇ ਅਪੀਲ ਕੀਤੀ ਹੈ ਕਿ ਅਕਾਲੀ ਦਲ ਦੀਆਂ ਜਥੇਬੰਦਕ ਚੋਣਾਂ ਮੁਅੱਤਲ ਕੀਤੀਆਂ ਜਾਣ ਤੇ ਉਹਨਾਂ ਬਾਗੀ ਅਕਾਲੀ ਧੜੇ ਨਾਲ ਰਲ ਕੇ ਅਜਿਹਾ ਕੀਤਾ ਹੈ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਹੋਰ ਕੁਝ ਨਹੀਂ ਬਲਕਿ ਅਕਾਲੀ ਦਲ ਨੂੰ ਮੁੜ ਮੈਦਾਨ ਵਿਚ ਨਿਤਰਣ ਤੋਂ ਰੋਕਣ ਦਾ ਅਸਫਲ ਯਤਨ ਹੈ। ਉਹਨਾਂ ਕਿਹਾ ਕਿ ਪਹਿਲਾਂ ਬਾਗੀ ਧੜੇ ਨੇ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਲਈ ਭਾਜਪਾ ਤੇ ਆਮ ਆਦਮੀ ਪਾਰਟੀ (ਆਪ) ਨਾਲ ਰਲ ਕੇ ਕੰਮ ਕੀਤਾ ਤੇ ਹੁਣ ਉਸਨੇ ਕਾਂਗਰਸ ਨਾਲ ਹੱਥ ਸਾਂਝੇ ਕਰ ਲਏ ਹਨ। ਉਹਨਾਂ ਕਿਹਾ ਕਿ ਇਸ ਨਾਲ ਬਾਗੀ ਧੜਾ ਬਿਲਕੁਲ ਬੇਨਕਾਬ ਹੋ ਗਿਆ ਹੈ। ਉਹਨਾਂ ਇਹ ਵੀ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਇਹ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੋਂ ਡਰਦੀਆਂ ਹਨ।

ਡਾ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਲਗਾਤਾਰ ਕਹਿੰਦਾ ਆ ਰਿਹਾ ਹੈ ਕਿ ਬਾਗੀ ਧੜਾ ਪਾਰਟੀ ਦੀ ਮੈਂਬਰਸ਼ਿਪ ਭਰਤੀ ਨੂੰ ਧਰਮ ਨਾਲ ਜੋੜਨ ਦਾ ਯਤਨ ਕਰ ਰਿਹਾ ਹੈ ਅਤੇ ਇਸਦੀ ਮਾਨਤਾ ਰੱਦ ਕਰਵਾਉਣਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਬਾਗੀ ਧੜੇ ਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਗੰਢਤੁੱਪ ਨੇ ਇਸਨੂੰ ਬੇਨਕਾਬ ਕਰ ਦਿੱਤਾ ਹੈ। ਉਹਨਾਂ ਨੇ ਰਾਹੁਲ ਗਾਂਧੀ ਤੇ ਮਲਿਕਅਰਜੁਨ ਖੜਗੇ ਸਮੇਤ ਕਾਂਗਰਸ ਦੀ ਸਿਖ਼ਰਲੀ ਲੀਡਰਸ਼ਿਪ ਨੂੰ ਆਖਿਆ ਕਿ ਉਹ ਸੁਖਜਿੰਦਰ ਸਿੰਘ ਰੰਧਾਵਾ ਵਰਗੇ ਆਗੂਆਂ ਨੂੰ ਚੋਣ ਕਮਿਸ਼ਨ ਅੱਗੇ ਪੇਸ਼ ਕਰਨ ਅਤੇ ਅਕਾਲੀ ਦਲ ਦੀ ਪਿੱਠ ਵਿਚ ਛੁਰਾ ਮਾਰਨ ਦੀ ਥਾਂ ਖੁੱਲ੍ਹ ਕੇ ਲੜਾਈ ਵਿਚ ਸਾਹਮਣੇ ਆਵੇ।

ਡਾ. ਚੀਮਾ ਨੇ ਰੰਧਾਵਾ ਵੱਲੋਂ ਉਹਨਾਂ ਦੀ ਸ਼ਿਕਾਇਤ ਗੁਪਤ ਰੱਖਣ ਦੀ ਕੀਤੀ ਬੇਨਤੀ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਦੂਜੇ ਪਾਸੇ ਰੰਧਾਵਾ ਉਸੇ ਵਿਸ਼ੇ ’ਤੇ ਮੀਡੀਆ ਨੂੰ ਇੰਟਰਵਿਊ ਦੇ ਰਹੇ ਹਨ। ਉਹਨਾਂ ਕਿਹਾ ਕਿ ਜਿਥੋਂ ਤੱਕ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਚੋਣ ਦਾ ਸੰਬੰਧ ਹੈ ਤਾਂ ਸੱਚਾਈ ਇਹ ਹੈ ਕਿ ਇਹ ਹਾਲ ਸ੍ਰੀ ਦਰਬਾਰ ਸਾਹਿਬ ਵਿਚ ਪ੍ਰਸ਼ਾਸਕੀ ਬਲਾਕ ਦਾ ਹਿੱਸਾ ਹੈ ਤੇ ਇਹ ਹਮੇਸ਼ਾ ਰਵਾਇਤ ਰਹੀ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਇਸ ਹਾਲ ਵਿਚ ਹੀ ਹੁੰਦੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਹਾਲ ਵਿਚ ਮੀਟਿੰਗ ਕਰਨ ਵਾਸਤੇ ਅਗਾਊਂ ਪ੍ਰਵਾਨਗੀ ਵੀ ਲੈ ਲਈ ਹੈ।

ਡਾ. ਚੀਮਾ ਨੇ ਸਪਸ਼ਟ ਕੀਤਾ ਕਿ ਅਜਿਹੇ ਯਤਨ ਰਾਜਨੀਤੀ ਤੋਂ ਪ੍ਰੇਰਿਤ ਹਨ ਜਿਹਨਾਂ ਦਾ ਮਕਸਦ ਅਕਾਲੀ ਦਲ ਦੀਆਂ ਜਥੇਬੰਦਕ ਚੋਣਾਂ ਨੂੰ ਸਾਬੋਤਾਜ਼ ਕਰਨਾ ਹੈ ਪਰ ਇਸ ਵਿਚ ਇਹ ਲੋਕ ਕਦੇ ਵੀ ਸਫਲ ਨਹੀਂ ਹੋਣਗੇ। ਉਹਨਾਂ ਕਿਹਾ ਕਿ ਡੈਲੀਗੇਟ ਸੈਸ਼ਨ ਵਿਚ ਨਵੇਂ ਪ੍ਰਧਾਨ ਦੀ ਚੋਣ 12 ਅਪ੍ਰੈਲ ਨੂੰ ਕੀਤੀ ਜਾਵੇਗੀ ਤੇ 13 ਅਪ੍ਰੈਲ ਨੂੰ ਵਿਸ਼ਾਲ ਸਿਆਸੀ ਕਾਨਫਰੰਸ ਕੀਤੀ ਜਾਵੇਗੀ।

ਅਕਾਲੀ ਆਗੂ ਨੇ ਕਿਹਾ ਕਿ ਬਾਗੀ ਅਕਾਲੀ ਧੜੇ ਨੇ ਪਹਿਲਾਂ ਭਾਜਪਾ ਨਾਲ ਰਲ ਕੇ ਅਕਾਲੀ ਦਲ ਦਾ ਨੁਕਸਾਨ ਕਰਨ ਦਾ ਯਤਨ ਕੀਤਾ। ਹੁਣ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੀ ਸ਼ਿਕਾਇਤ ਲੈ ਕੇ ਚੋਣ ਕਮਿਸ਼ਨ ਤੱਕ ਪਹੁੰਚ ਕੀਤੀ ਹੈ ਤੇ ਇਕ ਸਾਜ਼ਿਸ਼ ਤਹਿਤ ਅਜਿਹਾ ਕੀਤਾ ਗਿਆ ਹੈ। ਪਹਿਲਾਂ ਬਾਗੀ ਅਕਾਲੀ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ (ਆਪ) ਨਾਲ ਰਲ ਕੇ ਆਪਣੇ ਅਸਲ ਰੰਗ ਵਿਖਾਏ ਸਨ ਜਦੋਂ ਮੰਗ ਕੀਤੀ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਲਈ ਨਿਯਮ ਵਿਧਾਨ ਸਭਾ ਵਿਚ ਤੈਅ ਕੀਤੇ ਜਾਣ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ 4 ਗ੍ਰਿਫਤਾਰ

ਭਲਾਈ ਸਕੀਮਾਂ ‘ਚ ਵਾਧੂ ਸਹਿਯੋਗ ਤੇ ਨੀਤੀਗਤ ਸੁਧਾਰ ਦੀ ਮੰਗ; ਡਾ. ਬਲਜੀਤ ਕੌਰ ਨੇ ਚਿੰਤਨ ਸ਼ਿਵਿਰ ‘ਚ ਰੱਖੀ ਪੰਜਾਬ ਦੀ ਆਵਾਜ਼