ਅੰਮ੍ਰਿਤਸਰ, 9 ਅਪ੍ਰੈਲ 2023 – ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਸਾਬਕਾ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਦੋਵਾਂ ਨੇ ਪੰਜਾਬ ਦੇ ਵੱਖ-ਵੱਖ ਭਖਦੇ ਮੁੱਦਿਆਂ ‘ਤੇ ਡੂੰਘਾਈ ਨਾਲ ਗੱਲਬਾਤ ਕੀਤੀ। ਦੋਵਾਂ ਦੀ ਮੁਲਾਕਾਤ ਅੰਮ੍ਰਿਤਸਰ ‘ਚ ਹੋਈ ਸੀ। ਖਹਿਰਾ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਰੋਡ ਰੇਜ ਮਾਮਲੇ ‘ਚ ਸਜ਼ਾ ਕੱਟ ਕੇ ਜੇਲ੍ਹ ਤੋਂ ਬਾਹਰ ਆਏ ਸਿੱਧੂ ਨੇ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਅਤੇ ਹੋਰਾਂ ਨਾਲ ਮੁਲਾਕਾਤ ਕੀਤੀ। ਪਰ ਸੁਖਪਾਲ ਸਿੰਘ ਖਹਿਰਾ ਪੰਜਾਬ ਕਾਂਗਰਸ ਦੇ ਪਹਿਲੇ ਕਾਂਗਰਸੀ ਵਿਧਾਇਕ ਹਨ ਜੋ ਖੁਦ ਸਿੱਧੂ ਨੂੰ ਮਿਲਣ ਗਏ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਾਂ ਕਿਸੇ ਹੋਰ ਆਗੂ ਨੇ ਸਿੱਧੂ ਨਾਲ ਕੋਈ ਗੱਲ ਨਹੀਂ ਕੀਤੀ ਨਾ ਹੀ ਮੁਲਾਕਾਤ ਕੀਤੀ ਹੈ। ਉਂਜ ਕਾਂਗਰਸੀ ਆਗੂ ਰਵਨੀਤ ਸਿੰਘ ਬਿੱਟੂ ਤੇ ਹੋਰਨਾਂ ਵੱਲੋਂ ਸਿੱਧੂ ਖ਼ਿਲਾਫ਼ ਬਿਆਨਬਾਜ਼ੀ ਜ਼ਰੂਰ ਸਾਹਮਣੇ ਆਈ ਹੈ।
ਜ਼ਿਕਰਯੋਗ ਹੈ ਕਿ ਸਿੱਧੂ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਤੋਂ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਉਨ੍ਹਾਂ ਦੇ ਸਮਰਥਕ ਨੇਤਾਵਾਂ ਅਤੇ ਵਿਧਾਇਕਾਂ ਨੇ ਸਿੱਧੂ ਤੋਂ ਦੂਰੀ ਬਣਾ ਰੱਖੀ ਹੋਈ ਹੈ। ਇਸ ਨਾਲ ਪੰਜਾਬ ਕਾਂਗਰਸ ‘ਚ ਦੋ ਧੜਿਆਂ ਅਤੇ ਦੂਰੀਆਂ ਖਤਮ ਨਾ ਹੋਣ ਦੀ ਤਸਵੀਰ ਸਾਹਮਣੇ ਆ ਗਈ। ਰਾਜਾ ਵੜਿੰਗ ਧੜੇ ਦੇ ਆਗੂ ਦੋਸ਼ ਲਾ ਰਹੇ ਹਨ ਕਿ ਸਿੱਧੂ ਨੇ ਪਾਰਟੀ ਦਾ ਬਹੁਤ ਨੁਕਸਾਨ ਕੀਤਾ ਹੈ। ਇਸ ਕਾਰਨ ਹਾਈਕਮਾਂਡ ਨੂੰ ਵੀ ਇਸ ਬਾਰੇ ਸੋਚਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਸਿੱਧੂ ਨੂੰ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਜ਼ਿੰਮੇਵਾਰੀ ਨਾ ਸੌਂਪੇ ਜਾਣ ਦੀ ਗੱਲ ਵੀ ਕਹੀ ਗਈ ਹੈ।