ਚੰਡੀਗੜ੍ਹ, 17 ਫਰਵਰੀ 2024 – ਪੰਜਾਬ ਦੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬੀਜੇਪੀ ਦੇ ਕੇਂਦਰ ਸਰਕਾਰ ਖਿਲਾਫ ਇੱਕ ਵਾਰ ਫੇਰ ਤੋਂ ਅੰਦੋਲਨ ਸ਼ੁਰੂ ਕਰ ਦਿੱਤਾ ਗਿਆ ਹੈ। ਕਿਸਾਨਾਂ ਵੱਲੋਂ 11 ਫਰਵਰੀ ਤੋਂ ਦਿੱਲੀ ਵੱਲੋਂ ਕੂਚ ਕੀਤਾ ਹੋਇਆ ਹੈ ਅਤੇ ਉਨ੍ਹਾਂ ਨੂੰ ਹਰਿਆਣਾ ਦੀ ਸਰਕਾਰ ਵੱਲੋਂ ਭਾਰੀ ਬਲ ਦਾ ਪ੍ਰਯੋਗ ਕਰਕੇ ਰੋਕਿਆ ਜਾ ਰਿਹਾ ਹੈ। ਇਸ ਦੌਰਾਨ ਕਿਸਾਨਾਂ ਦੀਆਂ ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਝੜਪਾਂ ਦੀਆਂ ਕਈ ਖਬਰਾਂ ਵੀ ਸਾਹਮਣੇ ਆਈਆਂ ਹਨ। ਜਿਸ ‘ਚ ਕਿਸਾਨ ਵੱਡੀ ਗਿਣਤੀ ‘ਚ ਜ਼ਖਮੀ ਵੀ ਹੋਏ ਹਨ।
ਇਸ ਦੌਰਾਨ ਕਿਸਾਨ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਪੰਜਾਬ ਸਰਕਾਰ ਦੀ ਵਿਚੋਲਗੀ ‘ਚ ਕਈ ਮੀਟਿੰਗਾਂ ਵੀ ਹੋਈਆਂ ਹਨ, ਪਰ ਕਿਸੇ ਵੀ ਮੀਟਿੰਗ ‘ਚ ਗੱਲ ਤਣ-ਪੱਤਣ ਨਹੀਂ ਲੱਗੀ। ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਅੰਦੋਲਨ ਸ਼ੁਰੂ ਕਰਨ ਤੋਂ ਪਹਿਲਾਂ ਦੋ ਮੀਟਿੰਗਾਂ ਅਤੇ ਇਕ ਮੀਟਿੰਗ ਅੰਦੋਲਨ ਦੇ ਵਿਚਾਲੇ ਇੱਕ ਮੀਟਿੰਗ ਹੋ ਚੁੱਕੀ ਹੈ ਪਰ ਕਿਸੇ ਵੀ ਮੀਟਿੰਗ ‘ਚ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਸਹਿਮਤੀ ਨਹੀਂ ਬਣੀ। ਹੁਣ ਅਗਲੀ ਮੀਟਿੰਗ ਫੇਰ ਤੋਂ ਇਸ ਐਤਵਾਰ (18 ਫਰਵਰੀ) ਨੂੰ ਹੋਵੇਗੀ। 11 ਫਰਵਰੀ ਤੋਂ ਲੈ ਅੱਜ ਅੰਦੋਲਨ ਨੂੰ ਸੱਤਵਾਂ ਦਿਨ ਦਿਨ ਹੈ ਕਿਸਾਨ ਸ਼ੰਭੂ ਬਾਰਡਰ ‘ਤੇ ਡਟੇ ਹੋਏ ਹਨ ਅਤੇ ਐਤਵਾਰ ਨੂੰ ਕੇਂਦਰ ਨਾਲ ਮੀਟਿੰਗ ਦੀ ਉਡੀਕ ਕਰ ਰਹੇ ਹਨ ਅਤੇ ਉਸ ਮੀਟਿੰਗ ਤੋਂ ਬਾਅਦ ਆਪਣਾ ਅਗਲਾ ਪ੍ਰੋਗਰਾਮ ਉਲੀਕਣਗੇ।
ਪਰ ਇਸ ਦੌਰਾਨ ਸਭ ਤੋਂ ਦਿਲਚਸਪ ਗੱਲ ਇਹ ਰਹੀ ਕਿ ਕਿਸਾਨ ਅੰਦੋਲਨ ਦੇ ਸ਼ੁਰੂ ਹੋਣ ਤੋਂ ਬਾਅਦ ਪੰਜਾਬ ਬੀਜੇਪੀ ਪ੍ਰਧਾਨ ਜੋ ਕਿ 11 ਫਰਵਰੀ ਤੋਂ ਪਹਿਲਾਂ ਆਪਣੀ ਪਾਰਟੀ ਦੇ ਪ੍ਰਚਾਰ ਲਈ ਪੂਰੀ ਤਰ੍ਹਾਂ ਸਰਗਰਮ ਸਨ ਅਤੇ ਵਿਰੋਧੀਆਂ ‘ਤੇ ਵੀ ਮੀਂਹ ਵਾਂਗੂੰ ਵਰ੍ਹ ਰਹੇ ਸਨ, ਹੁਣ ਉਹ ਨਾ ਤਾਂ ਕਿਸੇ ਵੀ ਕਿਸੇ ਪਾਰਟੀ ਮੀਟਿੰਗ ‘ਚ ਦਿੱਖ ਰਹੇ ਹਨ ਤੇ ਨਾ ਹੀ, ਪ੍ਰਚਾਰ ਕਰ ਰਹੇ ਹਨ ਅਤੇ ਸਭ ਤੋਂ ਵੱਡੀ ਗੱਲ ਇਹ ਹੀ ਕਿ ਉਨ੍ਹਾਂ ਦਾ ਕੋਈ ਬਿਆਨ ਵੀ ਸਾਹਮਣੇ ਨਹੀਂ ਆ ਰਿਹਾ ਹੈ। ਕਿਸਾਨ ਅੰਦੋਲਨ ਦੇ ਸ਼ੁਰੂ ਹੋਣ ਤੋਂ ਬਾਅਦ ਉਹ ਇੱਕ ਦਮ ਹੀ ਗਾਇਬ ਹੋ ਗਏ ਸਨ।
ਪਰ ਇਥੇ ਇਸ ਗੱਲ ਦਾ ਵੀ ਜ਼ਿਕਰ ਕਰ ਦਈਏ ਕਿ ਜਦੋਂ ਸੁਨੀਲ ਜਾਖੜ ਕਾਂਗਰਸ ‘ਚ ਸਨ ਤਾਂ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ 2020-21 ਦੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਭਾਜਪਾ ਦਾ ਵਿਰੋਧ ਕਰਨ ਵਾਲਿਆਂ ਵਿੱਚੋਂ ਉਹ ਮੋਹਰੀ ਲੀਡਰਾਂ ‘ਚੋਂ ਇੱਕ ਸਨ। ਪਰ ਹੁਣ ਇਸ ਦਾ ਇਹ ਵੀ ਕਾਰਨ ਮੰਨਿਆ ਜਾ ਰਿਹਾ ਹੀ ਕਿ ਇਕ ਮੌਕੇ ਉਹ ਕਿਸਾਨਾਂ ਦੇ ਹੱਕ ਵਿੱਚ ਬੋਲ ਕੇ ਆਪਣੀ ਪ੍ਰਧਾਨਗੀ ਨੂੰ ਖ਼ਤਰੇ ਵਿੱਚ ਨਹੀਂ ਪਾਉਣਾ ਚਾਹੁੰਦੇ।
ਜਿਵੇਂ-ਜਿਵੇਂ ਦਿਨ ਬੀਤਦੇ ਜਾ ਰਹੇ ਹਨ ਅਤੇ ਪੰਜਾਬ ਅਤੇ ਹਰਿਆਣਾ ਭਰ ਵਿੱਚ ਕਿਸਾਨਾਂ ਦਾ ਵਿਰੋਧ ਲਗਤਾਰ ਵਧ ਰਿਹਾ ਹੈ। ਪਰ ਜਾਖੜ ਦੀ ਚੁੱਪ ਬਾਰੇ ਵਿਰੋਧੀ ਪਾਰਟੀਆਂ ਵੀ ਖੁੱਲ੍ਹ ਕੇ ਮੈਦਾਨ ‘ਚ ਆ ਗਈਆਂ ਹਨ। ਉਹ ਸਿਧੇ ਤੌਰ ‘ਤੇ ਕਹਿ ਰਹੀਆਂ ਹਨ ਕਿ ਜਦੋਂ ਜਾਖੜ ਕਾਂਗਰਸ ‘ਚ ਸਨ ਤਾਂ ਖੁੱਲ੍ਹੇਆਮ ਬੀਜੇਪੀ ਦੀਆਂ ਨੀਤੀਆਂ ‘ਤੇ ਸਵਾਲ ਖੜ੍ਹੇ ਕਰ ਰਹੇ ਹਨ ਪਰ ਜਦੋਂ ਹੁਣ ਉਹ ਬੀਜੇਪੀ ਪੰਜਾਬ ਦੇ ਪ੍ਰਧਾਨ ਹਨ ਅਤੇ ਕਿਸਾਨ ਫੇਰ ਆਪਣੇ ਹੱਕਾਂ ਲਈ ਕੇਂਦਰ ਦੀ ਬੀਜੇਪੀ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ ਤਾਂ ਉਹ ਹੁਣ ਕੋਈ ਬਿਆਨ ਦੇਣਾ ਤਾਂ ਦੂਰ ਦੀ ਗੱਲ ਦਿਖਣੋ ਵੀ ਹਟ ਗਏ ਹਨ।