ਚੰਡੀਗੜ੍ਹ, 14 ਅਕਤੂਬਰ 2023 – ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਖੁੱਲ੍ਹੀ ਬਹਿਸ ਦੀ ਚੁਣੌਤੀ ਨੂੰ ਲੈ ਕੇ ਸੁਝਾਅ ਦਿੱਤੇ ਹਨ। ਵਿਅੰਗਮਈ ਢੰਗ ਨਾਲ ਦਿੱਤੇ ਗਏ ਸੁਝਾਅ ਵਿੱਚ ਜਾਖੜ ਨੇ ਤਿੰਨ ਨਾਵਾਂ ਦਾ ਪ੍ਰਸਤਾਵ ਰੱਖਿਆ ਹੈ, ਤਾਂ ਜੋ ਬਹਿਸ ਗਲਤ ਦਿਸ਼ਾ ਵਿੱਚ ਨਾ ਜਾਵੇ। ਇਹ ਪ੍ਰਸਤਾਵ ਰੱਖਣ ਤੋਂ ਬਾਅਦ ਜਾਖੜ ਨੇ ਮੁਆਫੀ ਵੀ ਮੰਗੀ ਅਤੇ ਕਿਹਾ ਕਿ ਇਹ ਬਹਿਸ ਯਕੀਨੀ ਤੌਰ ‘ਤੇ ਹੋਰ ਮਜ਼ਬੂਤ ਹੋਵੇਗੀ।
ਜਾਖੜ ਨੇ ਟਵੀਟ ਕਰਦਿਆਂ ਆਖਿਆ ਹੈ ਕਿ ਮੌਜੂਦਾ ਮੁੱਦਿਆਂ ਦੀ ਡੂੰਘੀ ਮਹੱਤਤਾ ਨੂੰ ਦੇਖਦੇ ਹੋਏ ਤੇ ਇਹ ਯਕੀਨੀ ਬਣਾਉਣ ਲਈ ਕਿ ਸਵੈ ਇੱਛਤ ‘ਆਪ’ ਲੀਡਰਸ਼ਿਪ ਪੀ. ਏ. ਯੂ. ਥੀਏਟਰ ਨੂੰ ਬੇਤੁਕੀ ਬਹਿਸ ਦੇ ਅੱਡੇ ’ਚ ਨਾ ਬਦਲ ਦੇਵੇ। ਮੈਂ ਇਕ 3 ਮੈਂਬਰੀ ਪੈਨਲ ਦਾ ਪ੍ਰਸਤਾਅ ਕਰਦਾ ਹਾਂ, ਜਿਸ ਵਿਚ ਸਾਬਕਾ ਐੱਮ. ਪੀ. ਡਾ. ਧਰਮਵੀਰ ਗਾਂਧੀ, ਸਾਬਕਾ ਵਿਧਾਇਕ ਐੱਚ. ਐੱਸ. ਫੂਲਕਾ, ਸਾਬਕਾ ਵਿਧਾਇਕ ਕੰਵਰ ਸੰਧੂ ਬਹਿਸ ਨੂੰ ਸਹੀ ਦਿਸ਼ਾ ਵਿਚ ਚਲਾਉਣ। ਸਾਰੀ ਤਿੰਨ ਉੱਘੀਆਂ ਸ਼ਖਸੀਅਤਾਂ ਬਿਨਾਂ ਸ਼ੱਕ ਈਮਾਨਦਾਰੀ ਰੱਖਦੀਆਂ ਹਨ ਤੇ ਪੰਜਾਬ ਦੇ ਹਿੱਤਾਂ ਦੀ ਚਿੰਤਾ ਲਈ ਉਹ ਜਾਣੇ ਜਾਂਦੇ ਹਨ। ਹਾਲਾਂਕ ਜਾਖੜ ਨੇ ਇਹ ਵੀ ਆਖਿਆ ਹੈ ਕਿ ਉਨ੍ਹਾਂ ਦੀ ਸਹਿਮਤੀ ਲਏ ਬਿਨਾਂ ਉਨ੍ਹਾਂ ਦੇ ਨਾਂ ਦੇਣ ਲਈ ਮੈਂ ਮੁਆਫੀ ਮੰਗਦਾ ਹਾਂ। ਜੇ ਉਹ ਮੇਰੇ ਸੁਝਾਅ ਨਾਲ ਸਹਿਮਤ ਹਨ ਅਤੇ ਸੂਬਾ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੈ ਤਾਂ ਪੰਜਾਬ ਦੇ ਮੁੱਦਿਆਂ ’ਤੇ ਬਹਿਸ ਨਿਸ਼ਚਿਤ ਤੌਰ ’ਤੇ ਭਰਪੂਰ ਅਤੇ ਮਜ਼ਬੂਤ ਹੋਵੇਗੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਰੀਬ 6 ਦਿਨ ਪਹਿਲਾਂ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਦੇ ਸੂਬਾ ਪ੍ਰਧਾਨਾਂ ਨੂੰ ਰੋਜ਼ਾਨਾ ਝਗੜੇ ਦੀ ਬਜਾਏ ਲਾਈਵ ਬਹਿਸ ਕਰਨ ਲਈ ਕਿਹਾ ਹੈ। ਜਿਸ ਤੋਂ ਬਾਅਦ ਭਾਜਪਾ ਪ੍ਰਧਾਨ ਸੁਨੀਲ ਜਾਖੜ, ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਨੂੰ ਸਵੀਕਾਰ ਕਰ ਲਿਆ।