ਚੰਡੀਗੜ੍ਹ, 18 ਮਾਰਚ 2022 – ਪੰਜਾਬ ‘ਚ ਵਿਵਾਦਾਂ ਵਿਚਾਲੇ ਕਾਂਗਰਸ ਦੇ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਇਕ ਵਾਰ ਫਿਰ ਸੁਰਖੀਆਂ ‘ਚ ਹਨ। ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਇਕ ਵਾਰ ਫਿਰ ਚੰਨੀ ‘ਤੇ ਗੰਭੀਰ ਦੋਸ਼ ਲਾਏ ਹਨ। ਸੁਨੀਲ ਜਾਖੜ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਕਾਂਗਰਸ ਵਿਚ ਹੜਕੰਪ ਮੱਚ ਗਿਆ ਹੈ। ਉਨ੍ਹਾਂ ਇਕ ਇੰਟਰਵਿਉ ਦੌਰਾਨ ਕਿਹਾ ਕਿ ਪਹਿਲਾਂ ਆਈਏਐਸ ਅਧਿਕਾਰੀ ਦਾ ਮੀ ਟੂ ਕੇਸ ਸਾਬਕਾ ਮੁਖਮੰਤਰੀ ਚਰਨਜੀਤ ਚੰਨੀ ਖ਼ਿਲਾਫ਼ ਬਣਾਇਆ ਗਿਆ ਸੀ। ਫਿਰ ਅਜਿਹਾ ਹੀ ਇੱਕ ਮਹਿਲਾ ਪੱਤਰਕਾਰ ਨਾਲ ਹੋਇਆ। ਉਨ੍ਹਾਂ ਕਿਹਾ ਕਿ ਮੈਂ ਇਹ ਗੱਲ ਪੂਰੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਹਾਂ।
ਜਾਖੜ ਨੇ ਕਿਹਾ ਕਿ ਇਹ ਜਿਹੜੇ ਚਿੱਟੀ ਚਾਦਰ ਪਾ ਕੇ ਘੁੰਮ ਰਹੇ ਹਨ। ਇਹ ਬਹੁਤ ਸ਼ਰਮਨਾਕ ਹੈ। ਜੇਕਰ ਮਹਿਲਾ ਪੱਤਰਕਾਰ ਇਸ ਸੱਚਾਈ ਨੂੰ ਸਭ ਦੇ ਸਾਹਮਣੇ ਲੈ ਕੇ ਆਵੇ ਤਾਂ ਉਹ ਪੰਜਾਬ ਦੀਆਂ ਕੁੜੀਆਂ ‘ਤੇ ਬਹੁਤ ਵੱਡਾ ਉਪਕਾਰ ਕਰੇਗੀ। ਹਾਲਾਂਕਿ ਜਾਖੜ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਮਹਿਲਾ ਪੱਤਰਕਾਰ ਦਾ ਨਾਂ ਇਸ ਮਾਮਲੇ ਵਿੱਚ ਘਸੀਟਿਆ ਜਾ ਰਿਹਾ ਹੈ। ਜਾਖੜ ਨੇ ਕਿਹਾ ਕਿ ਚੰਨੀ ਨੇ ਜੋ ਕੀਤਾ ਹੈ ਉਹ ਪਾਰਟੀ ਅਤੇ ਸਮਾਜ ਲਈ ਸ਼ਰਮ ਵਾਲੀ ਗੱਲ ਹੈ।
ਜਾਖੜ ਨੇ ਕਿਹਾ ਕਿ ਕਾਂਗਰਸ ਨੇ ਚਰਨਜੀਤ ਚੰਨੀ ਨੂੰ ਸੀ.ਐਮ ਬਣਾਇਆ ਜਦੋਂ ਮੈਂ 4-5 ਦਿਨਾਂ ਬਾਅਦ ਮਿਲਿਆ ਤਾਂ ਮੈਨੂੰ ਸਰਕਾਰ ਨਾਲ ਕੰਮ ਕਰਨ ਲਈ ਕਿਹਾ ਗਿਆ। ਮੈਂ ਇਨਕਾਰ ਕਰ ਦਿੱਤਾ, ਕਿਉਂਕਿ ਮੈਂ ਚੰਨੀ ਨੂੰ ਲੀਡਰ ਨਹੀਂ ਮੰਨਦਾ। ਜਾਖੜ ਨੇ ਕਿਹਾ ਕਿ ਚੰਨੀ ਆਪਣੇ ਆਚਰਣ ਅਤੇ ਚਰਿੱਤਰ ਸਮੇਤ ਕਿਸੇ ਵੀ ਗੱਲ ‘ਤੇ ਕਾਇਮ ਨਹੀਂ ਹੈ।
ਪੰਜਾਬ ਚੋਣਾਂ ‘ਚ ਹਾਰ ਤੋਂ ਬਾਅਦ ਸੁਨੀਲ ਜਾਖੜ ਨੇ ਚੰਨੀ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਕੋਲ 35 ਕਰੋੜ ਰੁਪਏ ਹਨ, ਉਹ ਗਰੀਬ ਕਿਵੇਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਬਿਰਤਾਂਤ ਬੁਰੀ ਤਰ੍ਹਾਂ ਪਿੱਟ ਗਿਆ। ਜ਼ਿਕਰਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਈਡੀ ਦੀ ਛਾਪੇਮਾਰੀ ‘ਚ ਚੰਨੀ ਦੇ ਭਤੀਜੇ ਦੇ ਖਾਤੇ ‘ਚੋਂ 10 ਕਰੋੜ ਰੁਪਏ ਨਕਦ ਅਤੇ 25 ਕਰੋੜ ਰੁਪਏ ਮਿਲੇ ਸਨ। ਇਹ ਪੈਸਾ ਚੰਨੀ ਦਾ ਦੱਸਿਆ ਗਿਆ ਸੀ।
2018 ‘ਚ ਚੰਨੀ ‘ਤੇ ਇਕ ਮਹਿਲਾ ਆਈਏਐਸ ਅਧਿਕਾਰੀ ਨੂੰ ਇਤਰਾਜ਼ਯੋਗ ਸੰਦੇਸ਼ ਭੇਜਣ ਦਾ ਦੋਸ਼ ਲੱਗਾ ਸੀ। ਹਾਲਾਂਕਿ ਮਹਿਲਾ ਅਧਿਕਾਰੀ ਨੇ ਉਸ ਸਮੇਂ ਸ਼ਿਕਾਇਤ ਦਰਜ ਨਹੀਂ ਕਰਵਾਈ ਸੀ। ਜਦੋਂ ਮਾਮਲਾ ਸਾਹਮਣੇ ਆਇਆ ਤਾਂ ਚੰਨੀ ਨੇ ਕਿਹਾ ਸੀ ਕਿ ਇਹ ਮੈਸੇਜ ਗਲਤੀ ਨਾਲ ਮਹਿਲਾ ਅਧਿਕਾਰੀ ਨੂੰ ਭੇਜਿਆ ਗਿਆ ਸੀ। ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਇਸ ਮਾਮਲੇ ਵਿੱਚ ਚੰਨੀ ਦਾ ਬਚਾਅ ਕਰਦਿਆਂ ਕਿਹਾ ਸੀ ਕਿ ਮਾਮਲਾ ਹੱਲ ਹੋ ਗਿਆ ਹੈ। ਇਹ ਮਾਮਲਾ 2021 ‘ਚ ਮੁੜ ਉਭਰਿਆ ਜਦੋਂ ਚੰਨੀ ਮੁੱਖ ਮੰਤਰੀ ਬਣਨ ਵਾਲੇ ਸਨ। ਹਾਲਾਂਕਿ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਮਾਮਲਾ ਠੰਢਾ ਪੈ ਗਿਆ।