ਲੁਧਿਆਣਾ, 19 ਜੂਨ 2022 – ਪੰਜਾਬ ਦੇ ਲੁਧਿਆਣਾ ਵਿੱਚ STF ਨੇ ਸ਼ਹਿਰ ਵਿੱਚ ਹੈਰੋਇਨ ਸਮੱਗਲਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਨੂੰ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਮੁਹੱਲਾ ਰੋਜ਼ ਐਕਸਕਲੇਵ ਭਾਮੀਆਂ ਰੋਡ ’ਤੇ ਕਾਬੂ ਕੀਤਾ।
ਮੁਲਜ਼ਮ ਮੋਟਰਸਾਈਕਲ ’ਤੇ ਸਵਾਰ ਸਨ ਅਤੇ ਉਨ੍ਹਾਂ ਕੋਲੋਂ 400 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਵਰਿੰਦਰ ਕੁਮਾਰ ਉਰਫ਼ ਸੋਨੂੰ (36) ਵਾਸੀ ਰੋਜ਼ ਐਨਕਲੇਵ ਭਾਮੀਆਂ ਅਤੇ ਉਸ ਦੇ ਸਾਥੀ ਸੁਰਜੀਤ ਸਿੰਘ ਉਰਫ਼ ਲੱਕੀ ਵਾਸੀ ਸੀਐਮਸੀ ਕਲੋਨੀ, ਤਾਜਪੁਰ ਰੋਡ ਵਜੋਂ ਹੋਈ ਹੈ।
ਐਸਟੀਐਫ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋਵੇਂ ਮੁਲਜ਼ਮ ਨਸ਼ਾ ਤਸਕਰੀ ਵਿੱਚ ਸ਼ਾਮਲ ਹਨ। ਦੋਵੇਂ ਮੁਲਜ਼ਮ ਬਾਈਕ ‘ਤੇ ਹੈਰੋਇਨ ਦੀ ਤਸਕਰੀ ਕਰਦੇ ਸਮੇਂ ਪੁਲਿਸ ਨੇ ਕਾਬੂ ਕਰ ਲਏ। ਜਦੋਂ ਮੁਲਜ਼ਮਾਂ ਦੀ ਚੈਕਿੰਗ ਕੀਤੀ ਗਈ ਤਾਂ ਉਨ੍ਹਾਂ ਕੋਲੋਂ 400 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਵਰਿੰਦਰ ਕੁਮਾਰ ਉਰਫ਼ ਸੋਨੂੰ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਮੁਲਜ਼ਮ ਮੁਹੱਲਾ ਰੋਜ਼ ਐਕਸਕਲੇਵ ਭਾਮੀਆਂ ਕਲਾਂ ਤੋਂ ਤਾਜਪੁਰ ਰੋਡ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੇ ਸਨ। ਜਦੋਂ ਚੈਕਿੰਗ ਲਈ ਰੋਕਿਆ ਗਿਆ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਵਰਿੰਦਰ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਨਿਊ ਮਾਧੋਪੁਰੀ ਵਿੱਚ ਟੈਟੂ ਬਣਾਉਣ ਦੀ ਦੁਕਾਨ ਹੈ। ਉਹ ਟੈਟੂ ਬਣਾਉਣ ਦੀ ਆੜ ਵਿੱਚ ਨਸ਼ਾ ਤਸਕਰੀ ਦਾ ਕੰਮ ਕਰਦਾ ਆ ਰਿਹਾ ਹੈ। ਮੁਲਜ਼ਮ ਦਾ ਸਾਥੀ ਸੁਰਜੀਤ ਸਿੰਘ ਕੋਈ ਕੰਮ ਨਹੀਂ ਕਰਦਾ, ਉਹ ਸਿਰਫ਼ ਨਸ਼ਾ ਤਸਕਰੀ ਦਾ ਧੰਦਾ ਕਰਦਾ ਹੈ।
ਮੁਲਜ਼ਮ ਸੁਰਜੀਤ ਖ਼ਿਲਾਫ਼ ਪਹਿਲਾਂ ਵੀ ਤਿੰਨ ਕੇਸ ਦਰਜ ਹਨ। ਮੁਲਜ਼ਮਾਂ ਨੇ ਪੁਲੀਸ ਨੂੰ ਦੱਸਿਆ ਕਿ ਉਹ ਛੇ ਸਾਲਾਂ ਤੋਂ ਹੈਰੋਇਨ ਵੇਚ ਰਹੇ ਹਨ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਲਿਆ ਜਾ ਰਿਹਾ ਹੈ।