- ਡਾਕਟਰਾਂ ਨੇ ਸੁਰਿੰਦਰਪਾਲ ਨੂੰ ਚੈੱਕਅਪ ਕਰਵਾਉਣ ਲਈ ਟੈਂਕੀ ਤੋਂ ਹੇਠਾਂ ਆਉਣ ਲਈ ਕਿਹਾ
- ਸ਼ੂਗਰ ਲੈਵਲ ਘੱਟ ਹੋਣ ਕਰ ਕੇ ਤੁਰਿਆ ਨਹੀਂ ਜਾਂਦਾ, ਮੈਡੀਕਲ ਟੀਮ ਚੈੱਕਅਪ ਟੈਂਕੀ ਤੇ ਆ ਕੇ ਕਰੇ: ਸੁਰਿੰਦਰਪਾਲ ਗੁਰਦਾਸਪੁਰ
- ਪ੍ਰਸ਼ਾਸਨ ਗੂੜ੍ਹੀ ਨੀਂਦ ਸੁੱਤਾ; ਮੈਡੀਕਲ ਟੀਮ ਨੇ ਟੈਂਕੀ ਤੇ ਜਾ ਕੇ ਚੈੱਕਅਪ ਕਰਨ ਤੋਂ ਕੀਤਾ ਇਨਕਾਰ
ਸੰਗਰੂਰ, 18 ਅਕਤੂਬਰ, 2022: ਈਟੀਟੀ ਟੈੱਟ ਪਾਸ ਬੇਰੁਜ਼ਗਾਰ 2364 ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੀਐਮ ਸਿਟੀ ਸੰਗਰੂਰ ਦੇ ਸਰਕਾਰੀ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਤੇ ਦਸਵੇਂ ਦਿਨ ਵੀ ਸੁਰਿੰਦਰਪਾਲ ਗੁਰਦਾਸਪੁਰ ਦਾ ਮਰਨ ਵਰਤ ਰਾਹੀਂ ਸੰਘਰਸ਼ ਜਾਰੀ ਰਿਹਾ।
ਅੱਜ ਸੁਰਿੰਦਰਪਾਲ ਗੁਰਦਾਸਪੁਰ ਦੀ ਸਿਹਤ ਕਾਫ਼ੀ ਖ਼ਰਾਬ ਹੋ ਗਈ ਜਿਸ ਦੀ ਖ਼ਬਰ ਮਿਲਦੇ ਹੀ ਸੰਗਰੂਰ ਪ੍ਰਸ਼ਾਸਨ ਨੇ ਚੈੱਕਅਪ ਲਈ ਮੈਡੀਕਲ ਦੀ ਟੀਮ ਬੁਲਾਈ। ਹੈਰਾਨੀ ਵਾਲੀ ਗੱਲ ਇਹ ਸੀ ਕਿ ਡਾਕਟਰਾਂ ਨੇ ਚੈੱਕਅਪ ਕਰਨ ਲਈ ਸੁਰਿੰਦਰਪਾਲ ਗੁਰਦਾਸਪੁਰ ਨੂੰ ਟੈਂਕੀ ਤੋਂ ਹੇਠਾਂ ਆਉਣ ਲਈ ਕਿਹਾ ਪਰ ਸੁਰਿੰਦਰਪਾਲ ਗੁਰਦਾਸਪੁਰ ਨੇ ਹੇਠਾਂ ਆਉਣ ਤੋਂ ਮਨ੍ਹਾ ਕਰ ਦਿੱਤਾ ਕਿਉੰ ਕਿ ਸ਼ੂਗਰ ਲੈਵਲ ਘੱਟ ਹੋਣ ਕਰ ਕੇ ਤੁਰਿਆ ਨਹੀਂ ਜਾ ਰਿਹਾ। ਜੇ ਚੈੱਕਅਪ ਕਰਨਾ ਹੈ ਤਾਂ ਮੈਡੀਕਲ ਟੀਮ ਨੂੰ ਟੈਂਕੀ ਤੇ ਹੀ ਆਉਣਾ ਪਵੇਗਾ ਪਰ ਮੈਡੀਕਲ ਟੀਮ ਨੇ ਟੈਂਕੀ ਤੇ ਜਾਣ ਲਈ ਮਨ੍ਹਾ ਕਰ ਦਿੱਤਾ। ਇਸ ਸਮੇਂ ਸੁਰਿੰਦਰਪਾਲ ਦਾ ਸ਼ੂਗਰ ਲੈਵਲ 62 ਹੈ ਜੋ ਕਿ ਕਾਫ਼ੀ ਘੱਟ ਗਿਆ ਹੈ। ਜੇਕਰ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਦੀ ਸਾਰੀ ਜ਼ਿੰਮੇਵਾਰੀ ਸੰਗਰੂਰ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਮੰਗਾਂ ਪੂਰੀਆਂ ਨਾ ਹੋਣ ਤੱਕ ਮਰਨ ਵਰਤ ਜਾਰੀ ਰਹੇਗਾ।
ਈਟੀਟੀ ਟੈੱਟ ਪਾਸ ਬੇਰੁਜ਼ਗਾਰ 2364 ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਗੁਰਸਿਮਰਤ ਮਾਲੇਰਕੋਟਲਾ ਨੇ ਕਿਹਾ ਕਿ ਅੱਜ ਸੁਰਿੰਦਰਪਾਲ ਗੁਰਦਾਸਪੁਰ ਦੀ ਸਿਹਤ ਬਹੁਤ ਹੀ ਨਾਜ਼ੁਕ ਦੌਰ ਵਿਚੋਂ ਗੁਜ਼ਰ ਰਹੀ ਹੈ। ਲਗਾਤਾਰ ਮਰਨ ਵਰਤ ਰੱਖਣ ਕਰਕੇ ਹੁਣ ਸੁਰਿੰਦਰਪਾਲ ਤੋਂ ਤੁਰਿਆ ਵੀ ਨਹੀਂ ਜਾ ਰਿਹਾ। ਉਸ ਦੇ ਮੈਡੀਕਲ ਚੈਕਅਪ ਕਰਨ ਲਈ ਸੰਗਰੂਰ ਪ੍ਰਸ਼ਾਸਨ ਸ਼ਰਤਾਂ ਰੱਖ ਰਿਹਾ ਹੈ ਜੋ ਕਿ ਬਹੁਤ ਹੀ ਸ਼ਰਮ ਵਾਲੀ ਗੱਲ ਹੈ। ਪੰਜਾਬ ਸਰਕਾਰ ਦਾ ਰਵੱਈਆ ਬਹੁਤ ਹੀ ਮਾੜਾ ਹੈ ਨਾਂ ਹੀ ਮੰਗਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਮੈਡੀਕਲ ਚੈੱਕਅਪ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਈਟੀਟੀ ਟੈੱਟ ਪਾਸ ਬੇਰੁਜ਼ਗਾਰ 2364 ਸੰਘਰਸ਼ ਕਮੇਟੀ ਪੰਜਾਬ ਦੇ ਮੈਂਬਰ ਗੁਰਜੰਟ ਪਟਿਆਲਾ, ਸੁਖਜੀਤ ਨਾਭਾ, ਮਲੂਕ, ਹਰਜੋਤ ਨਾਭਾ, ਰਾਜਿੰਦਰ ਕੌਰ ਭਵਾਨੀਗੜ, ਸੁਖਜਿੰਦਰ ਸੰਗਰੂਰ,ਗਗਨ ਮਾਨਸਾ,ਗੁਰਜੀਵਨ ਮਾਨਸਾ, ਕੁਲਦੀਪ ਚਹਿਲ ਅਤੇ ਹੋਰ ਸਾਥੀ ਮੌਜੂਦ ਸਨ।