ਫਾਜ਼ਿਲਕਾ, 12 ਜੁਲਾਈ 2024 – ਫਾਜ਼ਿਲਕਾ ‘ਚ ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਇਕ ਵਿਅਕਤੀ ਨੂੰ ਬੀ.ਐੱਸ.ਐੱਫ ਨੇ ਸ਼ੱਕੀ ਹਾਲਾਤਾਂ ‘ਚ ਕਾਬੂ ਕੀਤਾ ਹੈ, ਜਿਸ ਤੋਂ ਬਾਅਦ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ। ਉਕਤ ਵਿਅਕਤੀ ਝੋਨਾ ਲਾਉਣ ਦੇ ਕੰਮ ਲਈ ਆਇਆ ਸੀ ਅਤੇ ਉਸ ਨੂੰ ਬੀ.ਐੱਸ.ਐੱਫ ਨੇ ਸ਼ੱਕੀ ਹਾਲਾਤਾਂ ‘ਚ ਫੜ ਲਿਆ।
ਜਾਣਕਾਰੀ ਦਿੰਦਿਆਂ ਬੀਐਸਐਫ ਦੀ 55 ਬਟਾਲੀਅਨ ਦੇ ਕਮਾਂਡੈਂਟ ਕੇ. ਐੱਨ ਤ੍ਰਿਪਾਠੀ ਨੇ ਦੱਸਿਆ ਕਿ ਬੀਤੀ ਰਾਤ ਫਾਜ਼ਿਲਕਾ ਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਬਾਓਪੀ ਖਾਨਪੁਰ ਦੀ ਅੰਤਰਰਾਸ਼ਟਰੀ ਕੰਡਿਆਲੀ ਤਾਰ ਨੇੜਿਓਂ ਇਕ ਵਿਅਕਤੀ ਨੂੰ ਸ਼ੱਕੀ ਹਾਲਾਤਾਂ ‘ਚ ਫੜਿਆ ਗਿਆ। ਫੜਿਆ ਗਿਆ ਵਿਅਕਤੀ ਖੁਦ ਦਾ ਨਾਂ ਸਾਜਿਦ ਅਲੀ ਪੁੱਤਰ ਆਲਮਦੀਨ ਵਾਸੀ ਸੀ ਖੁਰਗਨ, ਜ਼ਿਲ੍ਹਾ ਸ਼ਾਮਲੀ ਯੂਪੀ ਦਾ ਰਹਿਣ ਵਾਲਾ ਦੱਸ ਰਿਹਾ ਹੈ।
ਮੁਲਜ਼ਮ ਦਾ ਕਹਿਣਾ ਹੈ ਕਿ ਉਹ ਇੱਥੇ ਝੋਨਾ ਲਾਉਣ ਦੇ ਸੀਜ਼ਨ ਦੌਰਾਨ ਮਜ਼ਦੂਰਾਂ ਦੇ ਇੱਕ ਗਰੁੱਪ ਵਿੱਚ ਆਇਆ ਸੀ, ਜਿਸ ਬਾਰੇ ਬੀਐਸਐਫ ਵੱਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ, ਜਦੋਂ ਕਿ ਬੀਐਸਐਫ ਅਧਿਕਾਰੀ ਅਨੁਸਾਰ ਫੜਿਆ ਗਿਆ ਵਿਅਕਤੀ ਖੁਈਖੇੜਾ ਸੀ ਥਾਣਾ ਸਦਰ ਦੀ ਪੁਲਿਸ ਹਵਾਲੇ ਕੀਤਾ ਗਿਆ ਹੈ, ਜਿਸ ਤੋਂ ਬਾਅਦ ਪੁਲਿਸ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।