- ਬਾਜਵਾ ਨੇ ਕਿਹਾ- ਦੋ ਦਿਨਾਂ ‘ਚ ਪੂਰੀ ਸਥਿਤੀ ਹੋਵੇਗੀ ਸਪੱਸ਼ਟ
- ਹਾਈਕਮਾਂਡ ਨੂੰ ਆਪਣਾ ਪੱਖ ਦੱਸਿਆ
ਚੰਡੀਗੜ੍ਹ, 17 ਜਨਵਰੀ 2024 – I.N.D.I.A ਗਠਜੋੜ ਦੇ ਹਿੱਸੇ ਵੱਜੋਂ ‘ਆਪ’ ਅਤੇ ਕਾਂਗਰਸ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਪੰਜਾਬ ‘ਚ ਇਕ ਮੰਚ ‘ਤੇ ਇਕੱਠੇ ਹੋਣਗੀਆਂ। ਇਸ ਦੀ ਤਸਵੀਰ ਜਲਦੀ ਹੀ ਸਪੱਸ਼ਟ ਹੋ ਜਾਵੇਗੀ। ਇਹ ਗੱਲ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਹੀ। ਇਸ ਦੌਰਾਨ ਉਹ ਮੁਹਾਲੀ ਦੇ ਪਡਿਆਲਾ ਵਿੱਚ ਪੰਜਾਬ ਕਾਂਗਰਸ ਵੱਲੋਂ ਲਾਏ ਗਏ ਧਰਨੇ ਵਿੱਚ ਪੁੱਜੇ ਸਨ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਪਾਰਟੀ ਦੇ ਸੀਨੀਅਰ ਆਗੂਆਂ ਤੇ ਹਲਕਾ ਇੰਚਾਰਜਾਂ ਨੂੰ ਜਾਣੂ ਕਰਵਾ ਦਿੱਤਾ ਹੈ। ਮੈਨੂੰ ਭਰੋਸਾ ਹੈ ਕਿ ਹਾਈਕਮਾਂਡ ਵੀ ਇਹੀ ਸਟੈਂਡ ਰੱਖੇਗੀ। ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਨੂੰ ਇਕਜੁੱਟ ਹੋਣ ਦੀ ਲੋੜ ਹੈ। ਜਿਸ ਤਰ੍ਹਾਂ ਜਦੋਂ ਹੱਥ ਬੰਦ ਹੁੰਦਾ ਹੈ, ਉਸ ਵਿੱਚ ਤਾਕਤ ਹੁੰਦੀ ਹੈ।
ਕਾਂਗਰਸੀ ਆਗੂ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਧਰਨੇ ਵਿੱਚ ਗਏ ਹੋਏ ਸਨ। ਇਸ ਮੌਕੇ ਪਾਰਟੀ ਇੰਚਾਰਜ ਦਵਿੰਦਰ ਯਾਦਵ, ਪ੍ਰਤਾਪ ਸਿੰਘ ਬਾਜਵਾ, ਐਮ.ਐਲ.ਏ ਨਰੇਸ਼ ਪੁਰੀ, ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਐਨਐਸਯੂਆਈ ਪੰਜਾਬ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਮੇਤ ਕਈ ਲੋਕ ਮੰਚ ’ਤੇ ਮੌਜੂਦ ਸਨ। ਹਾਲਾਂਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਸਮੇਤ ਕਈ ਸੀਨੀਅਰ ਆਗੂ ਇਸ ਵਿੱਚ ਸ਼ਾਮਲ ਨਹੀਂ ਹੋਏ।
ਇਹ ਰੋਸ ਪ੍ਰਦਰਸ਼ਨ ਪੰਜਾਬ ਵਿੱਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਕੀਤਾ ਗਿਆ। ਅਜਿਹੇ ‘ਚ ਧਰਨੇ ‘ਚ ਸ਼ਾਮਲ ਲੋਕਾਂ ਨੇ ਹੱਥਾਂ ‘ਚ ਵੱਖ-ਵੱਖ ਨਾਅਰਿਆਂ ਵਾਲੇ ਹੋਰਡਿੰਗ ਫੜੇ ਹੋਏ ਸਨ। ਇਨ੍ਹਾਂ ਵਿੱਚ ਗੈਂਗਸਟਰ, ਡਰੱਗਜ਼ ਅਤੇ ਕਤਲ ਵਰਗੇ ਮੁੱਦੇ ਸ਼ਾਮਲ ਸਨ।