- ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਸਨ ਚਰਚਾਵਾਂ
ਅੰਮ੍ਰਿਤਸਰ, 16 ਅਗਸਤ 2023 – ਅੰਮ੍ਰਿਤਸਰ ਦੇ ਦੱਖਣੀ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਤਲਬੀਰ ਸਿੰਘ ਗਿੱਲ ਨੇ ਹੁਣ ਅਕਾਲੀ ਦਲ ਨੂੰ ਛੱਡਣ ਮਨ ਬਦਲ ਲਿਆ ਹੈ। ਬੀਤੀ ਦੇਰ ਰਾਤ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਬਿਕਰਮ ਮਜੀਠੀਆ ਅਤੇ ਵਿਰਸਾ ਸਿੰਘ ਵਲਟੋਹਾ ਉਨ੍ਹਾਂ ਨੂੰ ਮਨਾਉਣ ਲਈ ਉਨ੍ਹਾਂ ਦੇ ਘਰ ਪੁੱਜੇ ਸਨ। ਦੋ ਦਿਨ ਪਹਿਲਾਂ ਤਲਬੀਰ ਸਿੰਘ ਗਿੱਲ ਦੇ ਜਲਦੀ ਹੀ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਤਲਬੀਰ ਸਿੰਘ ਗਿੱਲ ਦੀ ਨਰਾਜ਼ਗੀ ਪਿਛਲੇ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ ‘ਤੇ ਦਿਖਾਈ ਦੇ ਰਹੀ ਸੀ। ਉਹ ਸਿੱਧੇ ਤੌਰ ‘ਤੇ ਤਾਂ ਅਕਾਲੀ ਦਲ ‘ਤੇ ਨਿਸ਼ਾਨਾ ਨਹੀਂ ਸਾਧ ਰਹੇ ਸਨ, ਸਗੋਂ ਸ਼ੋਸ਼ਲ ਮੀਡੀਆ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਅਤੇ ਸ਼੍ਰੋਮਣੀ ਕਮੇਟੀ ਅਧੀਨ ਚੱਲ ਰਹੇ ਸ਼੍ਰੀ ਗੁਰੂ ਰਾਮਦਾਸ ਜੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਖਿਲਾਫ ਲਗਾਤਾਰ ਬੋਲ ਰਹੇ ਸਨ।
ਤਲਬੀਰ ਸਿੰਘ ਗਿੱਲ ਨੇ 14 ਅਗਸਤ ਨੂੰ ਅਕਾਲੀ ਦਲ ਛੱਡਣ ਦਾ ਫੈਸਲਾ ਕੀਤਾ ਸੀ। ਇਸ ਦਿਨ ਉਨ੍ਹਾਂ ਨੇ ਅਕਾਲੀ ਦਲ ਦੀ ਮੈਂਬਰਸ਼ਿਪ ਛੱਡਣ ਦੀ ਵੀ ਖੁੱਲ੍ਹ ਕੇ ਗੱਲ ਕੀਤੀ ਸੀ। ਇੰਨਾ ਹੀ ਨਹੀਂ 18 ਅਗਸਤ ਨੂੰ ਇਕ ਪ੍ਰੋਗਰਾਮ ਵੀ ਰੱਖਿਆ ਗਿਆ ਸੀ। ਜਿਸ ਵਿੱਚ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਤਲਬੀਰ ਸਿੰਘ ਗਿੱਲ ਜਲਦੀ ਹੀ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ।
ਬੀਤੀ ਰਾਤ ਬਿਕਰਮ ਮਜੀਠੀਆ ਅਤੇ ਵਿਰਸਾ ਸਿੰਘ ਵਲਟੋਹਾ ਸਮੇਤ ਕਈ ਅਕਾਲੀ ਆਗੂ ਤਲਬੀਰ ਸਿੰਘ ਗਿੱਲ ਨੂੰ ਮਨਾਉਣ ਲਈ ਪੁੱਜੇ। ਤਲਬੀਰ ਗਿੱਲ ਨੂੰ ਮਨਾਉਣ ਵਿੱਚ ਕਰੀਬ 2 ਘੰਟੇ ਲੱਗ ਗਏ। ਇਸ ਦੌਰਾਨ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਤਲਬੀਰ ਸਿੰਘ ਗਿੱਲ ਦਾ ਪਰਿਵਾਰ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ, ਮਤਭੇਦ ਸੁਲਝਾ ਲਏ ਗਏ ਹਨ। ਇਸ ਲਈ 18 ਅਗਸਤ ਦਾ ਪ੍ਰੋਗਰਾਮ ਰੱਦ ਮੰਨਿਆ ਜਾਵੇ।