- ਕਿਹਾ ਟਾਇਰ ਪਾਉਣ ਦਾ ਦ੍ਰਿਸ਼ ਦਿਖਾ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਪਹੁੰਚਾਈ ਠੇਸ,
- ਸਿੱਖ ਜਥੇਬੰਦੀਆਂ ਨੇ ਕਿਹਾ ਨਾਟਕ ਦਾ ਕੀਤਾ ਜਾਵੇ ਬਾਈਕਾਟ,
ਮੁੰਬਈ, 13 ਅਕਤੂਬਰ 2023 – ਮਸ਼ਹੂਰ ਟੀਵੀ ਸੀਰੀਅਲ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਨੂੰ ਲੈ ਕੇ ਵੀ ਵਿਵਾਦ ਖੜ੍ਹਾ ਹੋ ਗਿਆ ਹੈ। ਸੀਰੀਅਲ ਦੇ ਇੱਕ ਸੀਨ ‘ਚ ਇੱਕ ਸਿੱਖ ਦੇ ਗਲੇ ਵਿੱਚ ਟਾਇਰ ਪਾਉਂਦੇ ਦਿਖਾਇਆ ਗਿਆ ਹੈ। ਜਿਸ ‘ਤੇ ਸਿੱਖ ਜਥੇਬੰਦੀਆਂ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਸੀਰੀਅਲ ‘ਚ ਇੱਕ ਸਿੱਖ ਵਿਅਕਤੀ ਦੇ ਗਲੇ ਵਿੱਚ ਟਾਇਰ ਪਾਏ ਜਾਣ ਦੇ ਸੀਨ ਨੂੰ ਫਿਲਮਾ ਕੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਯਾਦ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਸਿੱਖ ਜਥੇਬੰਦੀਆਂ ਦਾ ਦੋਸ਼ ਹੈ ਕਿ ਇਹ ਸਭ ਕੁਝ ਜਾਣਬੁੱਝ ਕੇ ਅਤੇ ਸੋਚੀ ਸਮਝੀ ਚਾਲ ਦੇ ਹਿੱਸੇ ਵਜੋਂ ਕੀਤਾ ਜਾ ਰਿਹਾ ਹੈ। ਵੱਖ-ਵੱਖ ਸਿੱਖ ਜਥੇਬੰਦੀਆਂ ਇਸ ਨਾਟਕ ਦੀਆਂ ਕਲਿੱਪਾਂ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਇਸ ਦਾ ਬਾਈਕਾਟ ਕਰਨ ਦੀ ਅਪੀਲ ਕਰ ਰਹੀਆਂ ਹਨ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਿੱਖਾਂ ਵਿਰੁੱਧ ਕੁਝ ਲੋਕ ਇਹ ਸਭ ਕੁਝ ਇੱਕ ਸਾਜ਼ਿਸ਼ ਦੇ ਹਿੱਸੇ ਵਜੋਂ ਕਰਵਾ ਰਹੇ ਹਨ। ਪਰ ਅਜਿਹੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਸਿੱਖ ਜਥੇਬੰਦੀਆਂ ਨੇ ਨਾਟਕ ਦੇ ਬਾਈਕਾਟ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ #boycott_tmkoc ਹੈਸ਼ਟੈਗ ਵੀ ਸ਼ੁਰੂ ਕਰ ਦਿੱਤਾ ਹੈ। ਜੋ ਕਿ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵਾਇਰਲ ਹੋ ਰਿਹਾ ਹੈ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਨਿਰਮਾਤਾ-ਨਿਰਦੇਸ਼ਕ ਨੇ ਡਰਾਮੇ ਵਿੱਚ ਇੱਕ ਸਿੱਖ ਵਿਅਕਤੀ ਦੇ ਗਲ ਵਿੱਚ ਟਾਇਰ ਪਾਉਣ ਦਾ ਦ੍ਰਿਸ਼ ਦਿਖਾ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਹ 1984 ਦੇ ਜ਼ਖਮ ਅਜੇ ਤੱਕ ਨਹੀਂ ਭੁੱਲੇ ਹਨ। ਉਨ੍ਹਾਂ ਕਿਹਾ ਕਿ ਉਹ ਕਾਨੂੰਨੀ ਕਾਰਵਾਈ ਕਰਨਗੇ।