ਜਲੰਧਰ, 8 ਜੁਲਾਈ 2025 – ਕਾਊਂਟਰ ਇੰਟੈਲੀਜੈਂਸ ਜਲੰਧਰ ਵੱਲੋਂ ਵੱਡੀ ਸਫਲਤਾ ਪ੍ਰਾਪਤ ਕਰਦੇ ਹੋਏ, ਲਾਰੈਂਸ ਬਿਸ਼ਨੋਈ ਗੈਂਗ ਦੁਆਰਾ ਰਚੀ ਗਈ ਇੱਕ ਟਾਰਗੇਟ ਕਿਲਿੰਗ ਸਾਜ਼ਿਸ਼ ਨੂੰ ਨਾਕਾਮ ਕਰਦੇ ਹੋਏ, ਇੱਕ ਮੁੱਖ ਸੰਚਾਲਕ, ਹਿਮਾਂਸ਼ੂ ਸੂਦ, ਵਾਸੀ ਫਗਵਾੜਾ, ਕਪੂਰਥਲਾ ਨੂੰ ਗ੍ਰਿਫ਼ਤਾਰ ਕੀਤਾ ਹੈ।
ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਦੋਸ਼ੀ ਦੁਬਈ, ਯੂ.ਏ.ਈ. ਸਥਿਤ, ਨਮਿਤ ਸ਼ਰਮਾ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਿਹਾ ਸੀ, ਜੋ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਾਥੀ ਹੈ।
ਹਾਲ ਹੀ ਵਿੱਚ, ਹਿਮਾਂਸ਼ੂ ਸੂਦ ਨੇ ਆਪਣੇ ਹੋਰ ਗੈਂਗ ਮੈਂਬਰਾਂ ਨਾਲ ਮਿਲ ਕੇ ਨਮਿਤ ਸ਼ਰਮਾ ਦੇ ਨਿਰਦੇਸ਼ਾਂ ‘ਤੇ ਹਰਿਦੁਆਰ ਵਿੱਚ ਇੱਕ ਹੋਟਲ ਮਾਲਕ ‘ਤੇ ਗੋਲੀਆਂ ਚਲਾਈਆਂ ਅਤੇ ਉਸਨੂੰ ਕ੍ਰਮਵਾਰ ਮੱਧ ਪ੍ਰਦੇਸ਼ ਅਤੇ ਕਪੂਰਥਲਾ ਵਿੱਚ 2 ਹੋਰ ਟੀਚਿਆਂ ਨੂੰ ਖਤਮ ਕਰਨ ਦਾ ਕੰਮ ਸੌਂਪਿਆ ਗਿਆ ਸੀ।
ਖੁਫੀਆ ਅਤੇ ਤਕਨੀਕੀ ਜਾਣਕਾਰੀ ਦੇ ਸਮਰਥਨ ਨਾਲ, ਟੀਮ ਨੇ ਇਸ ਟਾਰਗੇਟ ਕਿਲਿੰਗ ਮਾਡਿਊਲ ਨੂੰ ਸਫਲਤਾਪੂਰਵਕ ਖਤਮ ਕਰ ਦਿੱਤਾ, ਜਿਸ ਨਾਲ ਜਨਤਕ ਸੁਰੱਖਿਆ ਲਈ ਇੱਕ ਗੰਭੀਰ ਖ਼ਤਰਾ ਟਲ ਗਿਆ।
ਉਸਦੀ ਗ੍ਰਿਫ਼ਤਾਰੀ ਅੰਤਰਰਾਸ਼ਟਰੀ ਸਬੰਧਾਂ ਵਾਲੇ ਗੈਂਗਸਟਰ ਨੈੱਟਵਰਕਾਂ ‘ਤੇ ਚੱਲ ਰਹੀ ਕਾਰਵਾਈ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਹੈ।


ਬਰਾਮਦਗੀ: 2 ਪਿਸਤੌਲ (ਇੱਕ .30 ਬੋਰ PX3 ਪਿਸਤੌਲ 04 ਜ਼ਿੰਦਾ ਕਾਰਤੂਸਾਂ ਦੇ ਨਾਲ ਅਤੇ ਇੱਕ .32 ਪਿਸਤੌਲ 3 ਜ਼ਿੰਦਾ ਕਾਰਤੂਸਾਂ ਦੇ ਨਾਲ)
ਪੁਲਿਸ ਥਾਣਾ ਐਸ.ਐਸ.ਓ.ਸੀ. ਅੰਮ੍ਰਿਤਸਰ ਵਿਖੇ ਇੱਕ ਐਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਹੋਰ ਸਹਿਯੋਗੀਆਂ ਦੀ ਪਛਾਣ ਕਰਨ ਅਤੇ ਅਗਲੇ ਅਤੇ ਪਿੱਛਲੇ ਸੰਬੰਧਾ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।
ਪੰਜਾਬ ਪੁਲਿਸ ਸੰਗਠਿਤ ਅਪਰਾਧ ਨੂੰ ਖ਼ਤਮ ਕਰਨ ਅਤੇ ਜਨਤਕ ਸ਼ਾਂਤੀ ਦੀ ਰਾਖੀ ਲਈ ਵਚਨਬੱਧ ਹੈ।
