ਤਰਨਤਾਰਨ, 22 ਮਾਰਚ 2022 – ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜ਼ਿਲ੍ਹੇ ਤਰਨਤਾਰਨ ਦੇ ਲਾਲਜੀਤ ਸਿੰਘ ਭੁੱਲਰ ਨੂੰ ਟਰਾਂਸਪੋਰਟ ਮੰਤਰੀ ਬਣਾਇਆ ਗਿਆ ਹੈ। ਲਾਲਜੀਤ ਸਿੰਘ ਭੁੱਲਰ ਦੇ ਟਰਾਂਸਪੋਰਟ ਮੰਤਰੀ ਬਣਨ ਨਾਲ ਤਰਨਤਾਰਨ ਜ਼ਿਲ੍ਹੇ ਨੂੰ ਪਿਛਲੇ 50 ਸਾਲਾਂ ‘ਚ ਤੀਸਰਾ ਟਰਾਂਸਪੋਰਟ ਮੰਤਰੀ ਮਿਲ ਗਿਆ ਹੈ।
ਇਸ ਤੋਂ ਪਹਿਲਾਂ 1972 ‘ਚ ਵਿਧਾਇਕ ਬਣੇ ਦਿਲਬਾਗ ਸਿੰਘ ਡਾਲੇਕੇ ਟਰਾਂਸਪੋਰਟ ਮੰਤਰੀ ਬਣਾਏ ਗਏ ਸਨ। 1972 ‘ਚ ਕਾਂਗਰਸ ਪਾਰਟੀ ਵੱਲੋਂ ਵਿਧਾਇਕ ਬਣੇ ਦਿਲਬਾਗ ਸਿੰਘ ਡਾਲੇਕੇ ਨੂੰ ਗਿਆਨੀ ਜੈਲ ਸਿੰਘ ਦੀ ਸਰਕਾਰ ਵਿਚ ਟਰਾਂਸਪੋਰਟ ਮੰਤਰੀ ਬਣਾਇਆ ਗਿਆ ਸੀ।
ਉਸ ਤੋਂ ਬਾਅਦ 1992 ‘ਚ ਵਿਧਾਇਕ ਬਣੇ ਮਾਸਟਰ ਜਗੀਰ ਸਿੰਘ ਟਰਾਂਸਪੋਰਟ ਮੰਤਰੀ ਬਣਾਏ ਗਏ ਸਨ। 1992 ‘ਚ ਹੀ ਨੌਸ਼ਹਿਰਾ ਪਨੂੰਆਂ ਹਲਕੇ ਤੋਂ ਜਿੱਤ ਦਰਜ ਕਰਵਾਉਣ ਵਾਲੇ ਕਾਂਗਰਸ ਦੇ ਉਮੀਦਵਾਰ ਮਾਸਟਰ ਜਗੀਰ ਸਿੰਘ ਵੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿਚ 1972 ਦੇ 20 ਸਾਲ ਬਾਅਦ ਟਰਾਂਸਪੋਰਟ ਮੰਤਰੀ ਬਣੇ ਸਨ।
1972 ਅਤੇ 1992 ਤੋਂ ਬਾਅਦ ਹੁਣ 30 ਸਾਲ ਬਾਅਦ 2022 ‘ਚ ਲਾਲਜੀਤ ਸਿੰਘ ਭੁੱਲਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ‘ਚ ਟਰਾਂਸਪੋਰਟ ਮੰਤਰੀ ਬਣਾਇਆ ਗਿਆ ਹੈ। ਲਾਲਜੀਤ ਸਿੰਘ ਭੁੱਲਰ ਪਹਿਲੀ ਵਾਰ ਪੱਟੀ ਹਲਕੇ ਤੋਂ ਜਿੱਤ ਕੇ ਵਿਧਾਨ ਸਭਾ ਵਿਚ ਪਹੁੰਚੇ ਅਤੇ ਪਹਿਲੀ ਵਾਰ ਹੀ ਕੈਬਨਿਟ ਵਜ਼ੀਰ ਬਣੇ ਹਨ। ਉਨ੍ਹਾਂ ਨੇ ਅਕਾਲੀ ਦਲ ਦੀ ਸਰਕਾਰ ਵਿਚ ਕੈਬਨਿਟ ਮੰਤਰੀ ਰਹੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ।