ਚੰਡੀਗੜ੍ਹ, 2 ਜੁਲਾਈ 2024 – ਹਿਮਾਚਲ ਪ੍ਰਦੇਸ਼ ‘ਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪੰਜਾਬ ਤੋਂ ਆਉਣ ਵਾਲੇ ਵਾਹਨਾਂ ਨੂੰ ਖਾਸ ਤੌਰ ‘ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਵਾਹਨਾਂ ਦੀ ਭੰਨਤੋੜ ਕਰਨ ਦੇ ਨਾਲ-ਨਾਲ ਡਰਾਈਵਰਾਂ ਦੀ ਕੁੱਟਮਾਰ ਵੀ ਕੀਤੀ ਜਾ ਰਹੀ ਹੈ। ਜਿਸ ਕਾਰਨ ਹੁਣ ਪੰਜਾਬ ਦੇ ਡਰਾਈਵਰਾਂ ਨੇ ਹਿਮਾਚਲ ਜਾਣ ਤੋਂ ਇਨਕਾਰ ਕਰ ਦਿੱਤਾ ਹੈ।
ਜਿਸ ਕਾਰਨ ਹੁਣ ਹਿਮਾਚਲ ਪ੍ਰਦੇਸ਼ ਜਾਣ ਵਾਲੇ ਟੈਕਸੀ ਚਾਲਕਾਂ ਦੇ ਨਾਲ-ਨਾਲ ਸੈਲਾਨੀਆਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਘਟਨਾਵਾਂ ਤੋਂ ਬਾਅਦ ਹਿਮਾਚਲ ਦਾ ਕਾਰੋਬਾਰ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਪੰਜਾਬ ਦੇ ਟੈਕਸੀ ਡਰਾਈਵਰ ਇਨ੍ਹਾਂ ਘਟਨਾਵਾਂ ਤੋਂ ਬਾਅਦ ਹਿਮਾਚਲ ਤੋਂ ਮੂੰਹ ਫੇਰ ਰਹੇ ਹਨ ਅਤੇ ਟੈਕਸੀ ਡਰਾਈਵਰ ਸੈਲਾਨੀਆਂ ਨੂੰ ਕਹਿ ਰਹੇ ਹਨ ਕਿ ਉਹ ਹਿਮਾਚਲ ਦੀ ਬਜਾਏ ਜੰਮੂ ਕਸ਼ਮੀਰ ਅਤੇ ਉਤਰਾਖੰਡ ਜਾਣ, ਕਿਉਂਕਿ ਉੱਤਰਾਖੰਡ ਅਤੇ ਜੰਮੂ ਕਸ਼ਮੀਰ ਵਿੱਚ ਦੇਖਣ ਯੋਗ ਬਹੁਤ ਸਾਰੀਆਂ ਥਾਵਾਂ ਹਨ।
ਪੰਜਾਬ ਦੇ ਟੈਕਸੀ ਡਰਾਈਵਰਾਂ ‘ਤੇ ਲਗਾਤਾਰ ਹੋ ਰਹੇ ਹਮਲਿਆਂ ਅਤੇ ਹਿਮਾਚਲ ਪ੍ਰਦੇਸ਼ ‘ਚ ਵਾਹਨਾਂ ਦੀ ਭੰਨਤੋੜ ਕਾਰਨ ਹੁਣ 8 ਜੁਲਾਈ ਨੂੰ ਮੋਹਾਲੀ ‘ਚ ਟੈਕਸੀ ਯੂਨੀਅਨ ਵੱਲੋਂ ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਟੈਕਸੀ ਡਰਾਈਵਰਾਂ ਦੀ ਵੱਡੀ ਮੀਟਿੰਗ ਰੱਖੀ ਗਈ ਹੈ। ਇਸ ਮੀਟਿੰਗ ਵਿੱਚ ਹਿਮਾਚਲ ਟੈਕਸੀ ਡਰਾਈਵਰ ਯੂਨੀਅਨ ਦੇ ਨੁਮਾਇੰਦੇ ਵੀ ਹਿੱਸਾ ਲੈਣਗੇ ਅਤੇ ਇਸ ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਜਾਵੇਗਾ ਕਿ ਪੰਜਾਬ ਤੋਂ ਗੱਡੀਆਂ ਹਿਮਾਚਲ ਵਿੱਚ ਜਾਣਗੀਆਂ ਜਾਂ ਨਹੀਂ।
ਕਿਉਂਕਿ ਹਾਲ ‘ਚ ਹੀ ਹੋ ਰਹਾਂ ਘਟਨਾਵਾਂ ਤੋਂ ਬਾਅਦ ਪੰਜਾਬ ਦੇ ਡਰਾਈਵਰ ਹਿਮਾਚਲ ਵਿੱਚ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ, ਇਸ ਲਈ ਮੀਟਿੰਗ ਵਿੱਚ ਫੈਸਲਾ ਲਿਆ ਜਾਵੇਗਾ ਕਿ ਪੰਜਾਬ ਤੋਂ ਵਾਹਨਾਂ ਨੂੰ ਹਿਮਾਚਲ ਜਾਣਾ ਚਾਹੀਦਾ ਹੈ ਜਾਂ ਨਹੀਂ।