ਪਟਿਆਲਾ, 18 ਅਪ੍ਰੈਲ 2025 – ਹਲਕਾ ਘਨੌਰ ਅਧੀਨ ਆਉਂਦੇ ਇਕ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕ ਨੇ 12ਵੀਂ ਜਮਾਤ ਦੀ ਵਿਦਿਆਰਥਣ ਨੂੰ ਪੜ੍ਹਾਈ ’ਚ ਮਦਦ ਕਰਨ ਦਾ ਝਾਂਸਾ ਦੇ ਕੇ ਹਵਸ ਦਾ ਸ਼ਿਕਾਰ ਬਣਾ ਲਿਆ। ਉਕਤ ਅਧਿਆਪਕ ਹਰਿਆਣਾ ਦਾ ਰਹਿਣ ਵਾਲਾ ਹੈ। ਪੀੜਤਾ ਦੀ ਸ਼ਿਕਾਇਤ ਤੋਂ ਬਾਅਦ ਘਨੌਰ ਪੁਲਸ ਨੇ ਮੁਲਜ਼ਮ ਨੂੰ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਹਰਿਆਣਾ ਦੇ ਸ਼ਾਹਬਾਦ ਦਾ ਰਹਿਣ ਵਾਲਾ ਮਨਜੀਤ ਸਿੰਘ ਸੀਨੀਅਰ ਸੈਕੰਡਰੀ ਸਕੂਲ ’ਚ ਪੰਜਾਬੀ ਵਿਸ਼ੇ ਦਾ ਅਧਿਆਪਕ ਹੈ। ਸਾਧਨਾਂ ਦੀ ਘਾਟ ਕਾਰਨ ਮਨਜੀਤ ਸਿੰਘ ਕਈ ਵਾਰ ਪੀੜਤਾ ਨੂੰ ਕਾਰ ’ਚ ਉਸ ਦੇ ਪਿੰਡ ਛੱਡ ਦਿੰਦਾ ਸੀ। ਪੀੜਤਾ ਨੇ ਇਸ ਸਾਲ 12ਵੀਂ ਦੀ ਪ੍ਰੀਖਿਆ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਅਧਿਆਪਕ ਪੀੜਤਾ ਨੂੰ ਅੱਗੇ ਦੀ ਪੜ੍ਹਾਈ ’ਚ ਮਦਦ ਕਰਨ ਦੇ ਬਹਾਨੇ ਕਾਰ ’ਚ ਇਕ ਸੁੰਨਸਾਨ ਜਗ੍ਹਾ ’ਤੇ ਲੈ ਗਿਆ ਅਤੇ ਉਸ ਦੀ ਮਰਜ਼ੀ ਦੇ ਵਿਰੁੱਧ ਉਸ ਨਾਲ ਜਬਰ-ਜ਼ਨਾਹ ਕੀਤਾ। ਇਹ ਘਟਨਾ 5 ਮਾਰਚ ਨੂੰ ਵਾਪਰੀ ਦੱਸੀ ਜਾ ਰਹੀ ਹੈ।
ਪੀੜਤਾ ਨੇ ਪਰਿਵਾਰ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਪੁਲਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ। ਇਹ ਦੋਸ਼ ਹੈ ਕਿ ਪੀੜਤਾ ਨੂੰ ਇਸ ਬਾਰੇ ਕਿਸੇ ਨੂੰ ਨਾ ਦੱਸਣ ਲਈ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਪੀੜਤਾ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਮਾਮਲਾ ਗੰਭੀਰ ਹੋਣ ਕਰ ਕੇ ਪੁਲਸ ਵੀ ਬਿਨਾਂ ਦੇਰੀ ਕੀਤੇ ਹਰਕਤ ’ਚ ਆ ਗਈ।

ਇਸ ਸਬੰਧੀ ਘਨੌਰ ਪੁਲਸ ਸਟੇਸ਼ਨ ਦੇ ਐੱਸ. ਐੱਚ. ਓ. ਸਾਹਿਬ ਸਿੰਘ ਨੇ ਕਿਹਾ ਕਿ ਪੀੜਤਾ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰਨ ਤੋਂ ਬਾਅਦ ਮੁਲਜ਼ਮ ਅਧਿਆਪਕ ਮਨਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
