ਲੁਧਿਆਣਾ, 10 ਅਪ੍ਰੈਲ 2022 – ਢੋਲੇਵਾਲ ਦੇ ਨੇੜੇ ਇਕ ਸਾਰਕਾਰੀ ਸਕੂਲ ਵਿਚ ਕੰਟਰੈਕਟ ਬੇਸ ’ਤੇ ਲੱਗੇ ਟੀਚਰ ‘ਤੇ ਵਿਆਹ ਦਾ ਝਾਂਸਾ ਦੇ ਕੇ 12ਵੀਂ ਕਲਾਸ ਦੀ ਵਿਦਿਆਰਥਣ ਨਾਲ ਸਰੀਰਕ ਸਬੰਧ ਬਣਾਉਣ ਦੇ ਇਲਜ਼ਾਮ ਲੱਗੇ ਹਨ। ਇਲਜ਼ਾਮ ਹਨ ਕਿ ਅਧਿਆਪਕ ਨੇ 12ਵੀਂ ਜਮਾਤ ਦੀ ਵਿਦਿਆਰਥਣ ਨੂੰ ਵਿਆਹ ਦਾ ਲਾਰਾ ਲੱਗਾ ਕੇ ਬਾਅਦ ਵਿਚ ਕਿਸੇ ਹੋਰ ਨਾਲ ਵਿਆਹ ਕਰ ਲਿਆ। ਇਸ ਗੱਲ ਦਾ ਪਤਾ ਲੱਗਣ ’ਤੇ ਵਿਦਿਆਰਥਣ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰ. 6 ਦੀ ਪੁਲਸ ਨੇ ਜਾਂਚ ਤੋਂ ਬਾਅਦ ਮੁਲਜ਼ਮ ਟੀਚਰ ਖ਼ਿਲਾਫ਼ ਜਬਰ-ਜ਼ਨਾਹ, ਪੋਸਕੋ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਪਛਾਣ ਦਿਨੇਸ਼ ਕੁਮਾਰ (31) ਨਿਵਾਸੀ ਜਵਾਹਰ ਨਗਰ, ਬਟਾਲਾ ਰੋਡ, ਅੰਮ੍ਰਿਤਸਰ ਵਜੋਂ ਹੋਈ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਵਿਦਿਆਰਥਣ ਨੇ ਦੱਸਿਆ ਕਿ ਸਕੂਲ ਵਿਚ ਉਕਤ ਮੁਲਜ਼ਮ ਕੋਲ ਸਿਵਲ ਇੰਜੀਨੀਅਰ ਦਾ ਸਬਜੈਕਟ ਪੜ੍ਹਦੀ ਸੀ। 2 ਮਈ 2021 ਵਿਚ ਉਕਤ ਮੁਲਜ਼ਮ ਉਸ ਨੂੰ ਬਹਾਨੇ ਨਾਲ ਆਪਣੇ ਨਾਲ ਅੰਮ੍ਰਿਤਸਰ ਵਿਚ ਇਕ ਧਾਰਮਿਕ ਅਸਥਾਨ ’ਤੇ ਮੱਥਾ ਟਿਕਾਉਣ ਬਹਾਨੇ ਲੈ ਗਿਆ। ਇਸ ਤੋਂ ਬਾਅਦ ਮੁਲਜ਼ਮ ਆਪਣੇ ਰਿਸ਼ਤੇਦਾਰਾਂ ਦੇ ਘਰ ਲੈ ਗਿਆ, ਜਿਥੇ ਉਸ ਦੇ ਨਾਲ ਸਰੀਰਕ ਸਬੰਧ ਬਣਾਏ ਅਤੇ ਵਿਆਹ ਕਰਵਾਉਣ ਦਾ ਭਰੋਸਾ ਦਿੱਤਾ। ਫਿਰ ਮੁਲਜ਼ਮ ਉਸ ਨੂੰ ਵਾਪਸ ਆ ਕੇ ਕਈ ਵਾਰ ਬੱਸ ਅੱਡੇ ਕੋਲ ਹੋਟਲਾਂ ਵਿਚ ਸਮੇਂ-ਸਮੇਂ ’ਤੇ ਲੈ ਕੇ ਜਾਂਦਾ ਅਤੇ ਹਵਸ ਮਿਟਾਉਂਦਾ ਰਿਹਾ। ਵਿਆਹ ਕਰਵਾਉਣ ਦੀ ਗੱਲ ਕਹਿੰਦਾ ਰਿਹਾ।
ਇਸ ਮਾਮਲੇ ‘ਚ ਜਾਂਚ ਅਧਿਕਾਰੀ ਏ ਐੱਸ ਆਈ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਲੜਕੀ ਦੇ ਬਿਆਨ ਉੱਪਰ ਮੁਲਜ਼ਮ ਖਿਲਾਫ ਮੁਕੱਦਮਾ ਦਰਜ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਮੁਲਜ਼ਮ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।