- ਇਸ ਹਫਤੇ ‘ਚ ਤਾਪਮਾਨ 45 ਡਿਗਰੀ ਤੋਂ ਜਾਵੇਗਾ ਪਾਰ
ਚੰਡੀਗੜ੍ਹ, 8 ਜੂਨ 2024 – ਵੈਸਟਰਨ ਡਿਸਟਰਬੈਂਸ (ਡਬਲਯੂਡੀ) ਦਾ ਅਸਰ ਪੰਜਾਬ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਘਟਣਾ ਸ਼ੁਰੂ ਹੋ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਮੀਂਹ ਦੀ ਭਵਿੱਖਬਾਣੀ ਦੇ ਬਾਵਜੂਦ ਕਿਤੇ ਵੀ ਮੀਂਹ ਨਹੀਂ ਪਿਆ। ਜਿਸ ਤੋਂ ਬਾਅਦ ਪੰਜਾਬ ਦੇ ਔਸਤ ਤਾਪਮਾਨ ਵਿੱਚ ਕਰੀਬ 0.9 ਡਿਗਰੀ ਦਾ ਵਾਧਾ ਦੇਖਿਆ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕੁਝ ਦਿਨਾਂ ਦੀ ਰਾਹਤ ਤੋਂ ਬਾਅਦ ਤਾਪਮਾਨ ਇਕ ਵਾਰ ਫਿਰ ਵਧੇਗਾ।
ਪੱਛਮੀ ਗੜਬੜੀ ਦਾ ਅਸਰ ਜੋ ਮੱਠਾ ਪੈ ਗਿਆ ਹੈ, ਉਸ ਦਾ ਅਸਰ ਪੰਜਾਬ ਦੇ ਮਾਲਵੇ ਦੇ 6 ਜ਼ਿਲ੍ਹਿਆਂ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਮੁਕਤਸਰ, ਫ਼ਰੀਦਕੋਟ, ਮੋਗਾ ਅਤੇ ਬਠਿੰਡਾ ‘ਚ ਹੀ ਦੇਖਣ ਨੂੰ ਮਿਲੇਗਾ। ਉਮੀਦ ਹੈ ਕਿ ਅੱਜ ਇੱਥੇ ਮੀਂਹ ਅਤੇ ਹਨੇਰੀ ਹੋ ਸਕਦੀ ਹੈ। ਜਿਸ ਕਾਰਨ ਪੰਜਾਬ ਦੇ ਉਪਰੋਕਤ 6 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੂਰੇ ਪੰਜਾਬ ਵਿੱਚ ਹੋਰ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।
ਵੈਸਟਰਨ ਡਿਸਟਰਬੈਂਸ ਦੇ ਘੱਟ ਹੋਣ ਤੋਂ ਬਾਅਦ ਪੰਜਾਬ ‘ਚ ਹੀਟ ਵੇਵ ਨੂੰ ਲੈ ਕੇ ਇਕ ਵਾਰ ਫਿਰ ਅਲਰਟ ਜਾਰੀ ਕੀਤਾ ਗਿਆ ਹੈ। ਐਤਵਾਰ 9 ਜੂਨ ਤੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਅਗਲੇ 6 ਦਿਨਾਂ ਵਿੱਚ ਤਾਪਮਾਨ ਫਿਰ 45 ਡਿਗਰੀ ਨੂੰ ਪਾਰ ਕਰ ਜਾਵੇਗਾ।
ਇਸ ਦੇ ਨਾਲ ਹੀ ਜੂਨ ‘ਚ ਵੀ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਮਈ ਮਹੀਨੇ ਵਾਂਗ ਜੂਨ ਦਾ ਮਹੀਨਾ ਵੀ ਗਰਮ ਰਹਿਣ ਵਾਲਾ ਹੈ।