ਮਾਨਸਾ, 27 ਜੂਨ 2023 : ਮਾਨਸਾ ਦੇ ਕਸਬਾ ਬਰੇਟਾ ਵਿੱਚ ਕਿਰਾਏਦਾਰਾਂ ਤੋਂ ਮਕਾਨ ਖਾਲ੍ਹੀ ਕਰਵਾਉਣ ਅਤੇ ਪੈਸਿਆਂ ਦੇ ਲੈਣ ਦੇਣ ਕਾਰਨ ਕਿਰਾਏਦਾਰਾਂ ਵੱਲੋਂ ਘਰ ਅੰਦਰ ਵੜ ਕੇ ਮਕਾਨ ਮਾਲਕ ਦੀ ਗੋਲੀ ਮਾਰਕੇ ਹੱਤਿਆ ਕਰਨ ਦਾ ਸਮਾਚਾਰ ਮਿਲਿਆ ਹੈ।
ਥਾਣਾ ਮੁਖੀ ਬੂਟਾ ਸਿੰਘ ਨੇ ਦੱਸਿਆ ਕਿ ਵਾਰਡ ਨੰ. 3 ਮੁਹੱਲਾ ਟੋਹਾਣਾ ਬਸਤੀ ਦੇ ਮ੍ਰਿਤਕ ਪ੍ਰੇਮ ਕੁਮਾਰ ਦੀ ਪਤਨੀ ਚੀਨਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਦੇ ਕਿਰਾਏਦਾਰ ਸੁਰੇਸ਼ ਕੁਮਾਰ ਅਤੇ ਜਗਦੀਸ਼ ਜੋ ਪਿੰਡ ਜੂਲੋ ਫਤਿਹਾਬਾਦ ਦੇ ਰਹਿਣ ਵਾਲੇ ਸਨ ਜਿਨ੍ਹਾਂ ਤੋਂ ਉਨ੍ਹਾਂ ਨੇ ਆਪਣਾ ਘਰ ਖਾਲ੍ਹੀ ਕਰਵਾ ਲਿਆ ਸੀ ਤੇ ਪੈਸਿਆਂ ਦਾ ਲੈਣ ਦੇਣ ਬਾਕੀ ਰਹਿੰਦਾ ਸੀ। ਬੀਤੀ ਰਾਤ ਦੋ ਮੋਟਰਸਾਈਕਲਾਂ ਤੇ ਸਵਾਰ ਹੋਕੇ ਆਏ 2 ਕਿਰਾਏਦਾਰਾਂ ਸਮੇਤ 4 ਵਿਅਕਤੀਆਂ ਨੇ ਦਰਵਾਜਾ ਖੁਲਵਾਉਣ ਤੋਂ ਬਾਅਦ ਘਰ ਵਿੱਚ ਜਾ ਕੇ ਫਾਈਰਿੰਗ ਸ਼ੁਰੂ ਕਰ ਦਿੱਤੀ ਤੇ ਇੱਕ ਗੋਲੀ ਪ੍ਰੇਮ ਕੁਮਾਰ ਦੇ ਲੱਗਣ ਕਾਰਨ ਉਹ ਗੰਭੀਰ ਜਖਮੀ ਹੋ ਗਿਆ ਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਜਖਮੀ ਪ੍ਰੇਮ ਕੁਮਾਰ ਨੂੰ ਸਿਵਲ ਹਸਪਤਾਲ ਬੁਢਲਡਾਾ ਵਿਖੇ ਲਿਆਂਦਾ ਗਿਆ ਜਿੱਥੇ ਉਸਦੀ ਮੌਤ ਹੋ ਗਈ।
ਉਸਦੀ ਪਤਨੀ ਨੇ ਦੱਸਿਆ ਐਤਵਾਰ ਨੂੰ ਉਸਦੀ ਛੋਟੀ ਪੁੱਤਰੀ ਦਾ ਸ਼ਗਨ ਹੋਣਾ ਸੀ। ਜਿਸ ਕਾਰਨ ਉਨ੍ਹਾਂ ਨੇ ਆਪਣਾ ਮਕਾਨ 10 ਦਿਨ ਪਹਿਲਾ ਹੀ ਖਾਲ੍ਹੀ ਕਰਵਾਇਆ ਸੀ। ਇਸ ਤੋਂ ਬਿਨ੍ਹਾਂ ਸਾਡੀ ਉਨ੍ਹਾਂ ਨਾਲ ਕੋਈ ਰੰਜਿਸ਼ ਨਹੀਂ ਸੀ। ਇਸ ਘਟਨਾ ਕਾਰਨ ਮੁਹੱਲੇ ਅੰਦਰ ਡਰ ਦਾ ਮਾਹੌਲ ਪੈਦਾ ਹੋਇਆ। ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨ ਤੇ 2 ਕਿਰਾਏਦਾਰਾਂ ਅਤੇ 2 ਅਣਪਤਾਛੇ ਵਿਅਕਤੀਆਂ ਸਮੇਤ 4 ਖਿਲਾਫ ਮੁਕੱਦਮਾ ਦਰਜ ਕਰਕੇ ਘਟਨਾ ਵਾਲੀ ਥਾਂ ਤੇ ਪਹੁੰਚਕੇ ਜਾਇਜਾ ਲਿਆ । ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕ ਸਰਕਾਰੀ ਸਕੂਲ ਵਿੱਚ ਸੇਵਾਦਾਰ ਦੀ ਡਿਉਟੀ ਤੋਂ ਸੇਵਾ ਮੁਕਤ ਹੋਇਆ ਸੀ।