ਮਾਨਸਾ, 30 ਮਈ 2022 – ਕਾਂਗਰਸੀ ਆਗੂ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਦੇ ਮਾਨਸਾ ਵਿੱਚ ਲੋਕ ਕਾਫੀ ਗੁੱਸੇ ‘ਚ ਹਨ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਾਨਸਾ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਲੋਕ ਸਿਵਲ ਹਸਪਤਾਲ ਦੇ ਬਾਹਰ ਧਰਨੇ ‘ਤੇ ਬੈਠ ਗਏ ਹਨ ਅਤੇ ਬਾਜ਼ਾਰ ਬੰਦ ਹਨ। ਲੋਕਾਂ ਦੇ ਗੁੱਸੇ ਨੂੰ ਦੇਖਦੇ ਹੋਏ ਹਸਪਤਾਲ ਅਤੇ ਆਸਪਾਸ ਦੇ ਇਲਾਕੇ ‘ਚ ਭਾਰੀ ਪੁਲਸ ਫੋਰਸ ਤਾਇਨਾਤ ਹੈ।
ਇਸ ਦੌਰਾਨ ਸਿੱਧੂ ਦੇ ਪੋਸਟਮਾਰਟਮ ਨੂੰ ਲੈ ਕੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਿਵਲ ਹਸਪਤਾਲ ਵਿੱਚ ਪੰਜ ਡਾਕਟਰਾਂ ਦੀ ਟੀਮ ਸਿੱਧੂ ਮੂਸੇਵਾਲਾ ਦਾ ਪੋਸਟਮਾਰਟਮ ਕਰੇਗੀ। ਇਸ ਤੋਂ ਪਹਿਲਾਂ ਰਿਸ਼ਤੇਦਾਰਾਂ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਉਹ ਪਹਿਲਾਂ ਕਾਤਲਾਂ ਦੀ ਗ੍ਰਿਫ਼ਤਾਰੀ ਦੀ ਮੰਗ ’ਤੇ ਅੜੇ ਸਨ। ਆਖ਼ਰ ਪੁਲੀਸ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਮਨਾ ਲਿਆ ਗਿਆ। ਸਿੱਧੂ ਦਾ ਅੰਤਿਮ ਸਸਕਾਰ ਅੱਜ ਕੀਤਾ ਜਾਵੇਗਾ, ਇਸ ਨੂੰ ਲੈ ਕੇ ਫਿਲਹਾਲ ਅਜੇ ਵੀ ਸਾਫ ਨਹੀਂ ਹੋ ਸਕਿਆ ਹੈ।
ਮੂਸੇਵਾਲਾ ਦੇ ਹਜ਼ਾਰਾਂ ਸਮਰਥਕ ਮਾਨਸਾ ਆਉਣ ਲੱਗੇ ਹੋਏ ਹਨ। ਪੁਲਿਸ ਸਥਿਤੀ ਨੂੰ ਲੈ ਕੇ ਚੌਕਸ ਹੈ। ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕੀਤਾ ਗਿਆ ਹੈ। ਲੋਕਾਂ ਵਿੱਚ ਗੁੱਸਾ ਹੈ ਅਤੇ ਉਹ ਮੂਸੇਵਾਲਾ ਦੀ ਮੌਤ ਲਈ ‘ਆਪ’ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਸਵੇਰ ਤੋਂ ਹੀ ਸਿੱਧੂ ਦੇ ਪ੍ਰਸ਼ੰਸਕ ਇੱਥੇ ਆ ਰਹੇ ਹਨ।
ਉਧਰ ਮੂਸੇਵਾਲਾ ਦੇ ਚਾਚਾ ਅਮਰੀਕ ਸਿੰਘ ਢਿੱਲੋਂ ਨੇ ਦੱਸਿਆ ਕਿ ਮੂਸੇਵਾਲਾ ਤੋਂ ਫਿਰੌਤੀ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਮੂਸੇਵਾਲਾ ਸੁਰੱਖਿਆ ਲੈ ਕੇ ਹੀ ਕਾਂਗਰਸ ਵਿੱਚ ਸ਼ਾਮਲ ਹੋਏ ਹਨ। ਇਸ ਦੌਰਾਨ ਇੱਥੇ ਇਕੱਠੇ ਹੋਏ ਲੋਕਾਂ ਦਾ ਕਹਿਣਾ ਹੈ ਕਿ ਸਿੱਧੂ ਦਾ ਹਥਿਆਰ ਨਹੀਂ ਚੱਲਿਆ ਸੀ। ਉਸ ਦੀ ਪਿਸਤੌਲ ਗੋਲੀਆਂ ਨਾਲ ਭਰੀ ਹੋਈ ਸੀ। ਸਿੱਧੂ ਨੂੰ ਗੈਂਗਸਟਰਾਂ ਨਾਲ ਨਾ ਜੋੜਿਆ ਜਾਵੇ।
ਇਸ ਦੇ ਨਾਲ ਹੀ ਮੂਸੇਵਾਲਾ ਦੇ ਪ੍ਰਸ਼ੰਸਕ ਹਸਪਤਾਲ ਦੇ ਬਾਹਰ ਨਾਅਰੇਬਾਜ਼ੀ ਕਰ ਰਹੇ ਹਨ। ਪਹਿਲਾਂ ਤਾਂ ਰਿਸ਼ਤੇਦਾਰਾਂ ਨੇ ਮੂਸੇਵਾਲਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਹੁਣ ਉਹ ਇਸ ਲਈ ਰਾਜ਼ੀ ਹੋ ਗਏ ਹਨ।