ਜਲੰਧਰ, 7 ਅਕਤੂਬਰ 2024 – ਹੁਸ਼ਿਆਰਪੁਰ ਰੋਡ ’ਤੇ ਪਿੰਡ ਜੌਹਲਾਂ ਦੇ ਸਵਾਗਤੀ ਗੇਟ ਨੇੜੇ ਐਤਵਾਰ ਰਾਤ ਨੂੰ ਨਰਵਾਲ ਕੰਪਨੀ ਦੀ ਬੱਸ ਦੀ ਟੱਕਰ ਨਾਲ ਐਕਟਿਵਾ ਸਵਾਰ 2 ਵਿਅਕਤੀਆਂ ਦੀ ਮੌਤ ਹੋ ਗਈ। ਦੋਵੇਂ ਮ੍ਰਿਤਕ ਰਾਮਾ ਮੰਡੀ ਤੋਂ ਆਰਮੀ ਕੈਂਪ ਵੱਲ ਜਾ ਰਹੇ ਸਨ ਕਿ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਬੱਸ ਚਾਲਕ ਮੌਕੇ ’ਤੇ ਹੀ ਬੱਸ ਛੱਡ ਕੇ ਫਰਾਰ ਹੋ ਗਿਆ।
ਮ੍ਰਿਤਕਾਂ ਦੀ ਪਛਾਣ ਗੁਰਵਿੰਦਰ ਸਿੰਘ (39) ਪੁੱਤਰ ਸਵ. ਗੁਰਦੀਪ ਸਿੰਘ ਨਿਵਾਸੀ ਨਿਊ ਗਣੇਸ਼ ਨਗਰ ਜਲੰਧਰ ਅਤੇ ਰਾਜਿੰਦਰ ਕੁਮਾਰ (44) ਪੁੱਤਰ ਜੋਗਿੰਦਰ ਪਾਲ ਨਿਵਾਸੀ ਸ਼ਿਵਾ ਜੀ ਪਾਰਕ ਬਸਤੀ ਦਾਨਿਸ਼ਮੰਦਾਂ ਜਲੰਧਰ ਵਜੋਂ ਹੋਈ ਹੈ। ਇਸ ਦਰਦਨਾਕ ਹਾਦਸੇ ਦੀ ਸੂਚਨਾ ਮਿਲਦੇ ਹੀ ਸਾਥੀ ਕਰਮਚਾਰੀਆਂ ਸਮੇਤ ਮੌਕੇ ’ਤੇ ਪਹੁੰਚੇ ਐੱਸ. ਐੱਚ. ਓ. ਪਤਾਰਾ ਹਰਦੇਵਪ੍ਰੀਤ ਸਿੰਘ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਗੁਰਵਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਜਦਕਿ ਰਾਜਿੰਦਰ ਕੁਮਾਰ ਨੇ ਜੌਹਲ ਹਸਪਤਾਲ ਵਿਚ ਜਾ ਕੇ ਦਮ ਤੋੜ ਦਿੱਤਾ।
ਐੱਸ. ਐੱਚ. ਓ. ਹਰਦੇਵਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਬੱਸ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਫਰਾਰ ਬੱਸ ਚਾਲਕ ਖਿਲਾਫ ਥਾਣਾ ਪਤਾਰਾ ਵਿਚ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪ੍ਰਤੱਖਦ੍ਰਸ਼ੀਆਂ ਅਨੁਸਾਰ ਬੱਸ ਚਾਲਕ ਦੀ ਗ਼ਲਤੀ ਦੇ ਕਾਰਨ ਇਹ ਹਾਦਸਾ ਹੋਇਆ ਹੈ। ਗੁਰਦੀਪ ਸਿੰਘ ਅਤੇ ਰਾਜਿੰਦਰ ਕੁਮਾਰ ਦੀਆਂ ਲਾਸ਼ਾਂ ਸਿਵਲ ਹਸਪਤਾਲ ਵਿਚ ਭੇਜ ਦਿੱਤੀਆਂ ਗਈਆਂ ਹਨ। ਸੋਮਵਾਰ ਸਵੇਰੇ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।

