ਅਬੋਹਰ, 5 ਮਈ 2024 – ਅਬੋਹਰ ਸਬ-ਡਵੀਜ਼ਨ ਦੇ ਪਿੰਡ ਕਿੱਲਿਆਂਵਾਲੀ ਅਤੇ ਪਿੰਡ ਫੁੱਲੂਖੇੜਾ ਦੇ ਰਹਿਣ ਵਾਲੇ ਦੋ ਵਿਅਕਤੀਆਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ‘ਚ ਰਖਵਾਇਆ ਗਿਆ ਹੈ। ਇਨ੍ਹਾਂ ਦੀ ਪਛਾਣ ਰਮੇਸ਼ ਸ਼ਰਮਾ ਵਾਸੀ ਪਿੰਡ ਕਿੱਲਿਆਂਵਾਲੀ ਅਤੇ ਜਗਨੰਦਨ ਪੁੱਤਰ ਦਲ ਸਿੰਘ ਵਾਸੀ ਪਿੰਡ ਫੁੱਲੂਖੇੜਾ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਬੰਧੀ ਪਿੰਡ ਕਿੱਲਿਆਂਵਾਲੀ ਦੇ ਰਹਿਣ ਵਾਲੇ ਅਤੇ ਪੰਡਿਤ ਦਾ ਕੰਮ ਕਰਦੇ 65 ਸਾਲਾ ਰਮੇਸ਼ ਸ਼ਰਮਾ ਪੁੱਤਰ ਪਵਨ ਕੁਮਾਰ ਨੇ ਦੱਸਿਆ ਕਿ ਉਸ ਦਾ ਪਿਤਾ ਸਵੇਰੇ 8 ਵਜੇ ਸਕੂਟਰ ‘ਤੇ ਘਰੋਂ ਨਿਕਲਿਆ ਸੀ। ਪਰ ਕਰੀਬ 10 ਵਜੇ ਉਸ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ।
ਸਰਕਾਰੀ ਹਸਪਤਾਲ ਵਿੱਚ ਪੁੱਜੇ ਮ੍ਰਿਤਕ ਜਗਨੰਦਨ ਪੱਪੀ ਦੇ ਪੁੱਤਰ ਰੁਪਿੰਦਰ ਨੇ ਦੱਸਿਆ ਕਿ ਉਸ ਨੇ ਆਪਣੇ ਨਵੇਂ ਮਕਾਨ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਉਣਾ ਸੀ ਅਤੇ ਉਸ ਦੇ ਪਿਤਾ ਪੰਡਿਤ ਰਮੇਸ਼ ਸ਼ਰਮਾ ਨੂੰ ਵਾਸਤੂ ਸ਼ਾਸਤਰ ਅਨੁਸਾਰ ਨੀਂਹ ਪੱਥਰ ਰੱਖਣ ਲਈ ਲੈਣ ਆਏ ਸਨ। ਉਸ ਨੇ ਦੱਸਿਆ ਕਿ ਜਦੋਂ ਰਮੇਸ਼ ਸ਼ਰਮਾ ਅਤੇ ਜਗਨੰਦਨ ਪੱਪੀ ਸੀਤੋ ਰੋਡ ‘ਤੇ ਰੇਵਨਵੁੱਡ ਇੰਟਰਨੈਸ਼ਨਲ ਸਕੂਲ ਦੇ ਸਾਹਮਣੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਦੇ ਸਕੂਟਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ |
ਟੱਕਰ ‘ਚ ਦੋਵੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਰੋਡ ਸੇਫਟੀ ਫੋਰਸ ਦੇ ਏਐਸਆਈ ਕਾਂਸ਼ੀ ਰਾਮ ਨੇ ਦੋਵਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਟੱਕਰ ਮਾਰਨ ਵਾਲੀ ਕਾਰ ਦੇ ਡਰਾਈਵਰ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਇਧਰ ਮ੍ਰਿਤਕ ਰਮੇਸ਼ ਸ਼ਰਮਾ ਕੋਲ ਮਿਲੇ ਸ਼ਨਾਖਤੀ ਕਾਰਡ ਦੇ ਆਧਾਰ ‘ਤੇ ਪੁਲਸ ਨੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਅਤੇ ਉਸ ਦੇ ਲੜਕੇ ਪਵਨ ਕੁਮਾਰ ਨੇ ਸਰਕਾਰੀ ਹਸਪਤਾਲ ਪਹੁੰਚ ਕੇ ਪਿਤਾ ਦੀ ਪਛਾਣ ਕੀਤੀ। ਇਸ ਘਟਨਾ ਤੋਂ ਬਾਅਦ ਪਿੰਡ ਕਿੱਲਿਆਂਵਾਲੀ ਅਤੇ ਫੁੱਲੂਖੇੜਾ ਵਿੱਚ ਸੋਗ ਦੀ ਲਹਿਰ ਦੌੜ ਗਈ। ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੋਰਚਰੀ ‘ਚ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।