- ਚਾਰੇ ਨੌਜਵਾਨ ਜ਼ਖਮੀ ਹਾਲਤ ‘ਚ ਹਸਪਤਾਲ ‘ਚ ਭਰਤੀ
ਲੁਧਿਆਣਾ, 12 ਨਵੰਬਰ 2023 – ਲੁਧਿਆਣਾ ‘ਚ ਸ਼ਨੀਵਾਰ ਦੇਰ ਰਾਤ ਗਿੱਲ ਚੌਕ ਪੁਲ ‘ਤੇ ਤੇਜ਼ ਰਫਤਾਰ ਥਾਰ ਨੇ ਦੋ ਬਾਈਕਾਂ ‘ਤੇ ਸਵਾਰ ਚਾਰ ਨੌਜਵਾਨਾਂ ਨੂੰ ਕੁਚਲ ਦਿੱਤਾ। ਬਾਈਕ ਥਾਰ ਦੇ ਹੇਠਾਂ ਫਸ ਗਈ। ਡਰਾਈਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਰੌਲਾ ਸੁਣ ਕੇ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਫੜ ਲਿਆ।
ਗੁੱਸੇ ਵਿੱਚ ਆਏ ਲੋਕਾਂ ਨੇ ਥਾਰ ਦੀ ਭੰਨਤੋੜ ਕਰ ਦਿੱਤੀ। ਇਸ ਤੋਂ ਬਾਅਦ 2 ਨੌਜਵਾਨਾਂ ਨੂੰ ਡੀਐਮਸੀ ਹਸਪਤਾਲ ਅਤੇ 2 ਨੂੰ ਸਿਵਲ ਹਸਪਤਾਲ ਭੇਜਿਆ ਗਿਆ। ਮੌਕੇ ‘ਤੇ ਮੌਜੂਦ ਚਸ਼ਮਦੀਦ ਬੱਬੂ ਨੇ ਦੱਸਿਆ ਕਿ ਜ਼ਖਮੀ ਨੌਜਵਾਨਾਂ ਦੀ ਪਛਾਣ ਇੰਦਰਪ੍ਰੀਤ ਸਿੰਘ, ਰਿੱਕੀ, ਮਨਪ੍ਰੀਤ ਸਿੰਘ, ਗੋਵਿੰਦਾ ਅਤੇ ਰਾਜੀਵ ਵਾਸੀ ਮਨਜੀਤ ਨਗਰ ਵਜੋਂ ਹੋਈ ਹੈ। ਇੰਦਰਪ੍ਰੀਤ ਦੀ ਲੱਤ ਬੁਰੀ ਤਰ੍ਹਾਂ ਜ਼ਖਮੀ ਹੈ।
ਮੌਕੇ ‘ਤੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਲੋਕਾਂ ਨੂੰ ਥਾਰ ਤੋਂ ਸ਼ਰਾਬ ਦੀਆਂ ਬੋਤਲਾਂ ਅਤੇ ਇੱਕ ਚੇਨ ਮਿਲੀ। ਪੁਲਿਸ ਨੇ ਚੇਨ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਕਾਰ ਵਿੱਚ ਕਿੰਨੇ ਨੌਜਵਾਨ ਬੈਠੇ ਸਨ, ਇਸ ਬਾਰੇ ਪੁਲੀਸ ਨੇ ਹਾਲੇ ਕੁਝ ਨਹੀਂ ਕਿਹਾ ਹੈ। ਪੁਲਿਸ ਨੇ ਲੋਕਾਂ ਦੀ ਮਦਦ ਨਾਲ ਥਾਰ ਨੂੰ ਸਾਈਡ ਕਰਵਾਇਆ। ਦੇਰ ਰਾਤ ਥਾਰ ਨੂੰ ਥਾਣਾ ਡਵੀਜ਼ਨ ਨੰਬਰ 6 ਵਿਖੇ ਲਿਜਾਇਆ ਗਿਆ।
ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਰਾਜੀਵ ਨੇ ਦੱਸਿਆ ਕਿ ਉਸ ਨੂੰ ਇਹ ਵੀ ਯਾਦ ਨਹੀਂ ਕਿ ਉਸ ਦਾ ਹਾਦਸਾ ਕਿੱਥੇ ਹੋਇਆ। ਉਸ ਦੇ ਸਿਰ ‘ਤੇ ਕਈ ਸੱਟਾਂ ਲੱਗੀਆਂ ਹਨ। ਡਾਕਟਰਾਂ ਨੇ ਉਸ ਦੀ ਲੱਤ ‘ਤੇ ਟਾਂਕੇ ਵੀ ਲਗਾਏ ਹਨ। ਜ਼ਖਮੀ ਗੋਵਿੰਦਾ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਦੁਪਹਿਰ 12.30 ਵਜੇ ਸਿਵਲ ਹਸਪਤਾਲ ਤੋਂ ਰੈਫਰ ਕਰ ਦਿੱਤਾ ਗਿਆ ਹੈ।