- ਗਲੀਆਂ ’ਚ ਭਜਾ ਕੇ ਬਣਾਈ ਵੀਡੀਓ, ਦੁਕਾਨਾਂ ਅੰਦਰ ਲੁਕਦੀ ਰਹੀ ਬੇਵਸ ਮਹਿਲਾ
ਤਰਨਤਾਰਨ, 5 ਅਪ੍ਰੈਲ 2024 – ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਕਸਬਾ ਵਲਟੋਹਾ ’ਚ ਮਨੁੱਖਾ ਉਸ ਵੇਲੇ ਸ਼ਰਮਸਾਰ ਹੁੰਦੀ ਵੇਖੀ ਗਈ ਜਦੋਂ ਗਵਾਂਢ ਵਿਚ ਰਹਿੰਦੀ ਕੁੜੀ ਨੂੰ ਭਜਾ ਕੇ ਅਦਾਲਤੀ ਵਿਆਹ ਕਰਵਾਉਣ ਵਾਲੇ ਮੁੰਡੇ ਦੀ 55 ਸਾਲਾਂ ਮਾਂ ਨੂੰ ਕੁੜੀ ਦੇ ਮਾਪਿਆਂ ਨੇ ਕਥਿਤ ਤੌਰ ’ਤੇ ਸਰੇ ਰਾਹ ਨਿਵਸਤਰ ਕਰ ਦਿੱਤਾ। ਗੱਲ ਇਥੇ ਹੀ ਨਹੀਂ ਰੁਕੀ ਬਲਕਿ ਉਕਤ ਲੋਕਾਂ ਨੇ ਸਰੀਰ ਢੱਕਣ ਦਾ ਯਤਨ ਕਰਦੀ ਮਹਿਲਾ ਕੋਲੋਂ ਕੱਪੜੇ ਖੋਹ ਕੇ ਜਿਥੇ ਗਲੀਆਂ ’ਚ ਭਜਾ ਭਜਾ ਉਸਦੀ ਵੀਡੀਓ ਬਣਾਈ। ਉਥੇ ਹੀ ਉਕਤ ਵੀਡੀਓ ਨੂੰ ਵਾਇਰਲ ਵੀ ਕਰ ਦਿੱਤਾ। ਹਾਲਾਂਕਿ ਇਸ ਦੌਰਾਨ ਮਹਿਲਾ ਕੈਮਰੇ ਤੋਂ ਬਚਣ ਲਈ ਲੋਕਾਂ ਦੀਆਂ ਦੁਕਾਨਾਂ ਵਿਚ ਵੀ ਲੁਕਣ ਦਾ ਯਤਨ ਕਰਦੀ ਰਹੀ। ਥਾਣਾ ਵਲਟੋਹਾ ਦੀ ਪੁਲਿਸ ਨੇ ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਦੇ ਮਾਮਲੇ ’ਚ ਇਕ ਹੀ ਪਰਿਵਾਰ ਦੇ ਤਿੰਨ ਜੀਆਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪਰ ਅਜੇ ਤਕ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ।
ਪਿੰਡ ਵਲਟੋਹਾ ਦੀ ਪੱਤੀ ਜੀਵਨ ਸਿੰਘ ਨਗਰ ਦੀ ਰਹਿਣ ਵਾਲੀ 55 ਸਾਲਾਂ ਔਰਤ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ’ਚ ਦੋਸ਼ ਲਗਾਇਆ ਕਿ ਉਸ ਦੇ ਲੜਕੇ ਅਕਾਸ਼ਦੀਪ ਸਿੰਘ ਨੇ ਗੁਆਂਢ ਰਹਿੰਦੀ ਬਲਦੇਵ ਸਿੰਘ ਨਾਮਕ ਵਿਅਕਤੀ ਦੀ ਲੜਕੀ ਰਮਨਦੀਪ ਕੌਰ ਨਾਲ ਕਰੀਬ 1 ਮਹੀਨਾ ਪਹਿਲਾਂ ਅਦਾਲਤੀ ਵਿਆਹ ਕਰ ਲਿਆ ਸੀ। ਜਿਸ ਦੀ ਰੰਜਿਸ਼ ਦੇ ਚੱਲਦਿਆਂ 31 ਮਾਰਚ ਦੀ ਸ਼ਾਮ ਲੜਕੀ ਦੇ ਭਰਾਵਾਂ ਸ਼ਰਨਜੀਤ ਸਿੰਘ ਉਰਫ਼ ਸੰਨੀ, ਗੁਰਚਰਨ ਸਿੰਘ ਅਤੇ ਮਾਂ ਕੁਲਵਿੰਦਰ ਕੌਰ ਉਰਫ਼ ਮਾਣੀ ਤੋਂ ਇਲਾਵਾ ਦੋ ਅਣਪਛਾਤੇ ਵਿਅਕਤੀ ਉਨ੍ਹਾਂ ਦੇ ਘਰ ਦੇ ਬਾਹਰ ਆ ਕੇ ਰੌਲਾ ਪਾਉਣ ਲੱਗੇ।
ਜਦੋਂ ਉਹ ਘਰੋਂ ਬਾਹਰ ਆਈ ਤਾਂ ਉਕਤ ਵਿਅਕਤੀਆਂ ਨੇ ਉਸ ਦੀ ਕੁੱਟ ਮਾਰ ਕਰਨ ਤੋਂ ਇਲਾਵਾ ਉਸਦਾ ਕਮੀਜ਼ ਪਾੜ ਕੇ ਉਸ ਨੂੰ ਪੂਰੀ ਤਰ੍ਹਾਂ ਨਿਵਸਤਰ ਕਰ ਦਿੱਤਾ। ਜਦੋਂਕਿ ਇਨ੍ਹਾਂ ਵਿੱਚੋਂ ਇਕ ਵਿਅਕਤੀ ਨੇ ਉਸ ਦੀ ਨਿਵਸਤਰ ਹਾਲਤ ’ਚ ਹੀ ਵੀਡੀਓ ਬਣਾ ਲਈ। ਉਹ ਉਨ੍ਹਾਂ ਤੋਂ ਬਚਣ ਲਈ ਭੱਜਦੀ ਰਹੀ ਅਤੇ ਦੁਕਾਨਾਂ ’ਚ ਆਸਰਾ ਲੈਂਦੀ ਰਹੀ। ਪਰ ਵੀਡੀਓ ਬਣਾਉਣ ਵਾਲੇ ਹਮਲਾਵਰਾਂ ਨੇ ਉਸਦਾ ਪਿੱਛਾ ਨਾ ਛੱਡਿਆ ਤੇ ਫਿਰ ਉਸਦੀ ਵੀਡੀਓ ਸ਼ੋਸ਼ਲ ਮੀਡੀਆ ’ਤੇ ਵਾਇਰਲ ਕਰਕੇ ਸਮਾਜ ਵਿੱਚ ਹੋਰ ਬੇਇੱਜਤ ਕਰ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਪੀੜ੍ਹਤ ਮਹਿਲਾ ਦੀ ਸ਼ਿਕਾਇਤ ’ਤੇ ਸ਼ਰਨਜੀਤ ਸਿੰਘ ਉਰਫ਼ ਸੰਨੀ, ਗੁਰਚਰਨ ਸਿੰਘ, ਕੁਲਵਿੰਦਰ ਕੌਰ ਉਰਫ਼ ਮਾਣੀ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾਂ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਗਿ੍ਰਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।