ਜਲੰਧਰ, 13 ਜਨਵਰੀ 2023 – ਜਲੰਧਰ ਦੀ ਨਿਊ ਗੀਤਾ ਕਲੋਨੀ ‘ਚ NRI ਦੇ ਬੰਦ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ। ਚੋਰ ਘਰ ‘ਚੋਂ ਬਾਥਰੂਮ-ਰਸੋਈ ਦੀਆਂ ਟੂਟੀਆਂ, ਪੱਖੇ, ਏ.ਸੀ., ਗੀਜ਼ਰ, ਗੈਸ ਸਿਲੰਡਰ ਚੋਰੀ ਕਰਕੇ ਫਰਾਰ ਹੋ ਗਏ। ਚੋਰ ਛੱਤ ਰਾਹੀਂ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ।
ਐਨਆਰਆਈ ਦੇ ਘਰ ਦੇ ਕੇਅਰਟੇਕਰ ਅਤੇ ਉਸ ਦੇ ਭਰਾ ਹਰਦੀਪ ਸਿੰਘ ਵਾਸੀ ਮੱਲੀਆਂ (ਕਪੂਰਥਲਾ) ਨੇ ਦੱਸਿਆ ਕਿ ਉਨ੍ਹਾਂ ਨੂੰ ਗੁਆਂਢੀਆਂ ਦਾ ਫੋਨ ਆਇਆ ਕਿ ਘਰ ਵਿੱਚੋਂ ਪਾਣੀ ਨਿਕਲ ਰਿਹਾ ਹੈ। ਜਦੋਂ ਉਹ ਜਲੰਧਰ ਪਹੁੰਚਿਆ ਤਾਂ ਦੇਖਿਆ ਕਿ ਪਾਣੀ ਦੀ ਮੋਟਰ ਗਾਇਬ ਸੀ। ਘਰ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ।
ਛੱਤ ‘ਤੇ ਪੱਖੇ ਨਹੀਂ ਸਨ। ਪਾਣੀ ਦੀਆਂ ਟੂਟੀਆਂ ਗਾਇਬ ਸਨ। ਘਰ ਵਿੱਚ ਏਸੀ, ਗੀਜ਼ਰ, ਗੈਸ ਸਿਲੰਡਰ ਸਮੇਤ ਹੋਰ ਕੋਈ ਸਮਾਨ ਨਹੀਂ ਸੀ। ਉਨ੍ਹਾਂ ਦੱਸਿਆ ਕਿ ਘਰ ਵਿੱਚ ਤੀਜੀ ਵਾਰ ਚੋਰੀ ਦੀ ਘਟਨਾ ਵਾਪਰੀ ਹੈ। ਅਸੀਂ ਤਿੰਨ ਵਾਰ ਹੀ ਥਾਣੇ ਨੂੰ ਸ਼ਿਕਾਇਤ ਦਿੱਤੀ ਪਰ ਅਜੇ ਤੱਕ ਕੋਈ ਨਤੀਜਾ ਸਾਹਮਣੇ ਨਹੀਂ ਆਇਆ।
ਐਨਆਰਆਈ ਦੇ ਭਰਾ ਹਰਦੀਪ ਸਿੰਘ ਨੇ ਦੱਸਿਆ ਕਿ ਘਰ ਦੀ ਛੱਤ ਦਾ ਦਰਵਾਜ਼ਾ ਟੁੱਟਿਆ ਹੋਇਆ ਸੀ। ਚੋਰ ਛੱਤ ਰਾਹੀਂ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ ਸਨ। ਉਨ੍ਹਾਂ ਦੱਸਿਆ ਕਿ ਚੋਰਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਘਰ ਵਿੱਚ ਕੋਈ ਨਹੀਂ ਰਹਿੰਦਾ। ਇਸੇ ਲਈ ਉਨ੍ਹਾਂ ਨੇ ਤਸੱਲੀ ਨਾਲ ਘਰ ਵਿੱਚ ਚੋਰੀ ਕੀਤੀ। ਇੱਕ ਤੋਂ ਬਾਅਦ ਇੱਕ ਚੀਜ਼ ਲਾਹ ਕੇ ਲੈ ਗਏ।